ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਚਾਇਤਾਂ ਦੀ ਮਜ਼ਬੂਤੀ ਜ਼ਰੂਰੀ: ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ

ਕੈਬਨਿਟ ਮੰਤਰੀ ਮੁੰਡੀਆਂ ਨੇ ਸਰਪੰਚਾਂ ਨੂੰ ਦਿੱਤਾ ਸੱਦਾ—ਪੰਚਾਇਤਾਂ ਨੂੰ ਮਜ਼ਬੂਤ ਕਰਕੇ ਪਿੰਡਾਂ ਦਾ ਵਿਕਾਸ ਤੇਜ਼ ਕਰੋ

ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਸਰਪੰਚਾਂ ਨੂੰ ਆਪਣਾ ਸਰੋਤ ਮਾਲੀਆ (ਓ.ਆਰ.ਐਸ) ਵਧਾਉਣ ਅਤੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਸਬੰਧੀ ਦਿੱਤੀ ਵਿਹਾਰਕ ਜਾਣਕਾਰੀ

ਲੁਧਿਆਣਾ, 3 ਸਤੰਬਰ (ਹਰੀਸ਼):

ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ, ਹਾਊਸਿੰਗ ਅਤੇ ਰੀਹਿਰੀ ਵਿਕਾਸ, ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਦੇ ਆਡੀਟੋਰੀਅਮ ਵਿਖੇ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ (ਸਰਪੰਚਾਂ) ਲਈ ਜ਼ਿਲ੍ਹਾ ਪੱਧਰ ’ਤੇ ਆਯੋਜਿਤ ਇੱਕ ਰੋਜ਼ਾ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਵਰਕਸ਼ਾਪ ‘ਆਪਣਾ ਸਰੋਤ ਮਾਲੀਆ’ (ਓ.ਆਰ.ਐਸ.) ਅਤੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਨਾਲ ਸਬੰਧਿਤ ਵੱਖ-ਵੱਖ ਫਲੈਗਸ਼ਿਪ ਸਕੀਮਾਂ ਬਾਰੇ ਸਰਪੰਚਾਂ ਨੂੰ ਜਾਣਕਾਰੀ ਅਤੇ ਵਿਹਾਰਕ ਗਿਆਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾਈ ਗਈ।

ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਗ੍ਰਾਮ ਪੰਚਾਇਤਾਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਸਰਕਾਰੀ ਯੋਜਨਾਵਾਂ, ਉਨ੍ਹਾਂ ਦੀ ਪ੍ਰਕਿਰਿਆ ਅਤੇ ਪੰਚਾਇਤਾਂ ਦੀ ਭੂਮਿਕਾ ਬਾਰੇ ਵਿਹਾਰਕ ਜਾਣਕਾਰੀ ਦੇਣ ਲਈ ਅਜਿਹੀਆਂ ਵਰਕਸ਼ਾਪਾਂ ਬਹੁਤ ਲਾਹੇਵੰਦ ਸਾਬਤ ਹੋ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਸਰਪੰਚਾਂ ਨੂੰ ‘ਆਪਣਾ ਸਰੋਤ ਮਾਲੀਆ’ ਦੇ ਵੱਖ-ਵੱਖ ਸਰੋਤਾਂ, ਪੰਚਾਇਤਾਂ ਵੱਲੋਂ ਆਪਣੇ ਸਰੋਤਾਂ ਤੋਂ ਆਮਦਨ ਵਧਾਉਣ ਦੇ ਢੰਗਾਂ ਅਤੇ ਓ.ਆਰ.ਐਸ. ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਆਪਣੇ ਸਰੋਤਾਂ ਤੋਂ ਆਮਦਨ ਵਿੱਚ ਵਾਧਾ ਕਰਕੇ ਵਿਕਾਸ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹ ਸਕਦੀਆਂ ਹਨ।

ਵਰਕਸ਼ਾਪ ਵਿੱਚ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਨਾਲ ਸਬੰਧਿਤ ਵੱਖ-ਵੱਖ ਫਲੈਗਸ਼ਿਪ ਸਕੀਮਾਂ ਦੇ ਉਦੇਸ਼, ਲਾਭਪਾਤਰੀਆਂ, ਯੋਗਤਾ, ਲਾਗੂ ਕਰਨ ਦੀ ਪ੍ਰਕਿਰਿਆ ਅਤੇ ਗ੍ਰਾਮ ਪੰਚਾਇਤ ਪੱਧਰ ’ਤੇ ਨੁਮਾਇੰਦਿਆਂ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਸਬੰਧਤ ਵਿਭਾਗਾਂ ਦੇ ਮਾਹਿਰਾਂ ਅਤੇ ਨੋਡਲ ਅਧਿਕਾਰੀਆਂ ਵੱਲੋਂ ਵੱਖ-ਵੱਖ ਫਲੈਗਸ਼ਿਪ ਸਕੀਮਾਂ ਸਬੰਧੀ ਵਿਸ਼ੇਸ਼ ਲੈਕਚਰ ਦਿੱਤੇ ਗਏ ਅਤੇ ਸਰਪੰਚਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਨੂੰ ਮਜ਼ਬੂਤ, ਆਤਮਨਿਰਭਰ ਅਤੇ ਵਿਕਾਸ ਪੱਖੋਂ ਅਗਾਂਹਵਧੂ ਬਣਾਉਣਾ ਹੈ, ਜਿਸ ਲਈ ਪੰਚਾਇਤਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਗਰਮ ਭੂਮਿਕਾ ਅਹਿਮ ਹੈ।

ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਇਕ‌‌ ਜਗਤਾਰ ਸਿੰਘ ਦਿਆਲਪੁਰਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਜਗਰੂਪ ਸਿੰਘ ਸੇਹ ਅਤੇ ਜਿਲਾ ਵਿਕਾਸ ਤੇ ਪੰਚਾਇਤ ਅਫਸਰ (ਡੀ.ਡੀ.ਪੀ.ਓ) ਲੁਧਿਆਣਾ ਹਿਤੇਨ ਕਪਿਲਾ ਤੋਂ ਇਲਾਵਾ ਵੱਖ-ਵੱਖ ਅਧਿਕਾਰੀ ਅਤੇ ਵੱਡੀ ਸਰਪੰਚ ਮੌਜੂਦ ਸਨ।

Leave a Reply

Your email address will not be published. Required fields are marked *