ਵਿਜੀਲੈਂਸ ਬਿਊਰੋ ਵੱਲੋਂ ਨਗਰ ਸੁਧਾਰ ਟਰੱਸਟ ਦੇ ਜੂਨੀਅਰ ਸਹਾਇਕ ਅਤੇ ਕਾਰਜਕਾਰੀ ਅਧਿਕਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

0
132
ਵਿਜੀਲੈਂਸ ਬਿਊਰੋ ਵੱਲੋਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਵਿਜੀਲੈਂਸ ਬਿਊਰੋ ਵੱਲੋਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Ludhiana(Rahul Goel):

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਦੇ ਮੰਤਵ ਨਾਲ ਵਿੱਢੀ ਮੁਹਿੰਮ ਤਹਿਤ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਜੂਨੀਅਰ ਸਹਾਇਕ ਅਤੇ ਕਾਰਜਕਾਰੀ ਅਧਿਕਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਹਰਮੀਤ ਸਿੰਘ ਨੂੰ ਸਤਨਾਮ ਸਿੰਘ ਵਾਸੀ ਲੁਧਿਆਣਾ ਦੀ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਸੀ ਕਿ  ਦੋਸ਼ੀ ਹਰਮੀਤ ਸਿੰਘ, ਜੂਨੀਅਰ ਸਹਾਇਕ, ਨਗਰ ਸੁਧਾਰ ਟਰੱਸਟ ਵੱਲੋਂ ਰਾਜਗੁਰੂ ਨਗਰ ਲੁਧਿਆਣਾ ਵਿਖੇ ਉਸ ਨੂੰ ਟਰੱਸਟ ਵੱਲੋਂ ਅਲਾਟ ਕੀਤੇ ਗਏ ਬੂਥ ਦੀ ਡਿਫਾਲਟ ਅਦਾਇਗੀ ਲਈ ‘ਵਨ ਟਾਈਮ ਸੈਟਲਮੈਂਟ’ (ਓ.ਟੀ.ਐਸ.) ਸਕੀਮ ਤਹਿਤ ਉਸ ਦੇ ਕੇਸ ਦੀ ਪ੍ਰਕਿਰਿਆ ਅਤੇ ਅੰਤਿਮ ਰੂਪ ਦੇਣ ਲਈ 20 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਹਰਮੀਤ ਸਿੰਘ ਨੇ ਉਸਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਨਗਰ ਸੁਧਾਰ ਟਰੱਸਟ ਦੇ ਕਾਰਜ਼ਕਾਰੀ ਅਧਿਕਾਰੀ ਨਾਲ ਢਾਹ ਭੰਨ ਕਰਕੇ ਉਸਦਾ ਕੰਮ ਸਿਰੇ ਲਗਵਾ ਦੇਵੇਗਾ।

ਸ਼ਿਕਾਇਤਕਰਤਾ ਦੀ ਸੂਚਨਾ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰ ਈ.ਓ.ਡਬਲਿਊ, ਪੰਜਾਬ, ਲੁਧਿਆਣਾ ਦੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਦੋਸ਼ੀ ਹਰਮੀਤ ਸਿੰਘ, ਜੂਨੀਅਰ ਸਹਾਇਕ ਨੂੰ 10 ਹਜ਼ਾਰ ਰੁਪਏ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੀ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਕੁਲਜੀਤ ਕੌਰ ਵੀ ਰਿਸ਼ਵਤ ਲੈਂਦਿਆਂ ਦੋਸ਼ੀ ਜੂਨੀਅਰ ਸਹਾਇਕ ਦੇ ਨਾਲ ਮੌਜੂਦ ਸੀ, ਇਸ ਲਈ ਉਸਨੂੰ ਵੀ ਹਰਮੀਤ ਸਿੰਘ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here