Kapurthala(Gaurav Maria):
ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਲਈ ਐਲਾਨੇ ਗਏ 14 ਫਰਵਰੀ ਨੂੰ ਪੋਲਿੰਗ ਕਰਵਾਉਣ ਦੇ ਫੈਸਲੇ ਨੂੰ ਬਦਲ ਕੇ ਹੁਣ 20 ਫਰਵਰੀ ਕੀਤੇ ਜਾਣ ਦਾ ਆਮ ਆਦਮੀ ਪਾਰਟੀ ਕਪੂਰਥਲਾ ਦੇ ਉਮੀਦਵਾਰ ਸਾਬਕਾ ਜੱਜ ਮੈਡਮ ਮੰਜੂ ਰਾਣਾ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦਾ ਇਹ ਫੈਸਲਾ ਸਲਾਘਾਯੋਗ ਹੈ, ਕਿਉਂਕਿ ਇਸ ਨਾਲ ਐਸਸੀ ਭਾਈਚਾਰੇ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਹੁਣ ਉਹ 10 ਤੋਂ 16 ਫਰਵਰੀ ਤੱਕ ਮਨਾਏ ਜਾਣ ਵਾਲੀ ਸ਼੍ਰੀ ਗੁਰੂ ਰਵਿਦਾਸ ਜੈਯੰਤੀ ਨੂੰ ਸੁਖਾਲੇ ਢੰਗ ਨਾਲ ਮਨਾ ਸਕਣਗੇ, ਉੱਥੇ ਹੀ ਭਾਰਤੀ ਚੋਣ ਪ੍ਰਕਿਰਿਆ ਵਿਚ ਉਹ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਸਹੀ ਢੰਗ ਨਾਲ ਕਰ ਸਕਣਗੇ।
ਆਪ ਉਮੀਦਵਾਰ ਮੰਜੂ ਰਾਣਾ ਨੇ ਕਿਹਾ ਕਿ ਪੰਜਾਬ ਖਾਸਕਰ ਦੋਆਬਾ ਖੇਤਰ ਵਿੱਚ ਸ਼੍ਰੀ ਗੁਰੂ ਰਵਿਦਾਸ ਜੈਯੰਤੀ ਐਸਸੀ ਭਾਈਚਾਰੇ ਲਈ ਬਹੁਤ ਅਹਿਮ ਹੈ। ਕਿਉਂਕਿ ਐਸਸੀ ਭਾਈਚਾਰਾ ਖਾਸਕਰ ਰਵਿਦਾਸੀਆ ਸਮਾਜ ਜੈਯੰਤੀ ਮਨਾਉਣ ਲਈ ਜਲੰਧਰ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਬੇਗਮਪੁਰਾ ਐਕਸਪ੍ਰੈਸ ਰਾਹੀਂ ਤਿੰਨ-ਚਾਰ ਦਿਨ ਲਈ ਬਨਾਰਸ ਜਾਂਦੇ ਹਨ। ਇਸ ਧਾਰਮਿਕ ਯਾਤਰਾ ਵਿਚ ਬਹੁਤ ਵੱਡੀ ਤਾਦਾਦ ਵਿਚ ਐਸਸੀ ਭਾਈਚਾਰਾ ਸ਼ਮੂਲੀਅਤ ਕਰਦਾ ਹੈ। ਉਨ੍ਹਾਂ ਕਿਹਾ ਕਿ ਐਸਸੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਭਾਰਤੀ ਚੋਣ ਕਮਿਸ਼ਨ ਨੇ ਵੋਟਾਂ ਦੀ ਮਿਤੀ 14 ਫਰਵਰੀ ਤੋਂ ਬਦਲ ਕੇ 20 ਫਰਵਰੀ ਕਰਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ, ਜਿਸਦੀ ਜਿਨ੍ਹੀਂ ਸਲਾਘਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰੀ ਢਾਂਚੇ ਵਿੱਚ ਘੱਟ ਗਿਣਤੀਆਂ ਨਾਲ ਸਬੰਧਿਤ ਲੋਕ ਦੱਬਦੇ ਆਏ ਹਨ, ਪਰ ਭਾਰਤੀ ਚੋਣ ਕਮਿਸ਼ਨ ਨੇ ਆਪਣੇ ਫੈਸਲੇ ਨਾਲ ਉਨ੍ਹਾਂ ਦੇ ਅਧਿਕਾਰਾਂ ਬਰਕਰਾਰ ਰੱਖਣ ਵਿੱਚ ਵੱਡਾ ਕਦਮ ਚੁੱਕਿਆ ਹੈ, ਜਿਸ ਨੇ ਬਾਬਾ ਸਾਹਿਬ ਡਾ.ਬੀਆਰ ਅੰਬੇਡਕਰ ਜੀ ਵਲੋਂ ਮਿਲੇ ਵੋਟ ਦੇ ਅਧਿਕਾਰ ਪ੍ਰਤੀ ਅਵੇਅਰ ਹੋ ਚੁੱਕੇ ਐਸਸੀ ਭਾਈਚਾਰੇ ਨੂੰ ਇਸ ਹੱਕ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਐਸਸੀ ਭਾਈਚਾਰੇ ਨੂੰ ਸ਼੍ਰੀ ਗੁਰੂ ਰਵਿਦਾਸ ਜੈਯੰਤੀ ਦੀ ਵਧਾਈ ਵੀ ਦਿੱਤੀ।