Bathinda(Varinder Jindal):ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਸੀਟ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਹੱਕ ਵਿੱਚ ਸ਼ਹਿਰ ਦਾ ਵਪਾਰੀ ਵਰਗ ਪੂਰੀ ਤਰ੍ਹਾਂ ਨਿੱਤਰਦਾ ਨਜ਼ਰ ਆ ਰਿਹਾ ਹੈ ਅਤੇ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ ।ਹਾਲਾਤ ਸਬਜ਼ੀ ਮੰਡੀ ਵਿੱਚ ਬਦਲਦੇ ਹੋਏ ਨਜ਼ਰ ਆਏ ਜਦੋਂ ਵਿੱਕੀ ਨਰੂਲਾ ਦੀ ਅਗਵਾਈ ਵਿੱਚ ਰੱਖੇ ਵਿਸ਼ੇਸ਼ ਪ੍ਰੋਗਰਾਮ ਵਿਚ ਸਬਜ਼ੀ ਮੰਡੀ ਦੇ ਸਮੂਹ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਵੱਡੇ ਇਕੱਠ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਲੱਡੂਆਂ ਨਾਲ ਤੋਲਿਆ ਗਿਆ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ ।ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਵਪਾਰੀ ਵਿਰੋਧੀ ਨੀਤੀਆਂ ਨੇ ਪੰਜਾਬ ਦਾ ਕਾਰੋਬਾਰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ, ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ, ਵਪਾਰੀਆਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਸਮੇਤ ਟੈਕਸਾਂ ਵਿਚ ਕੋਈ ਰਾਹਤ ਨਾ ਦੇਣ ਕਰਕੇ ਵਪਾਰੀਆਂ ਨੂੰ ਔਖ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਕੋਰੋਨਾ ਮਹਾਂਮਾਰੀ ਦੇ ਕਾਲੇ ਦੌਰ ਵਿੱਚ ਵਪਾਰੀਆਂ ਲਈ ਕੋਈ ਰਾਹਤ ਨਾ ਦੇਣਾ ਖ਼ਜ਼ਾਨਾ ਮੰਤਰੀ ਦੀ ਪੰਜਾਬ ਵਿਰੋਧੀ ਸੋਚ ਦਾ ਨਤੀਜਾ ਹੈ, ਜਿਸ ਕਰਕੇ ਵਪਾਰੀ ਅੱਜ ਵੀ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਬਠਿੰਡਾ ਤੋਂ ਉਨ੍ਹਾਂ ਦੇ ਜਿੱਤਣ ਉਪਰੰਤ ਵਪਾਰੀਆਂ ਨੂੰ ਹੱਕ ਮਿਲਣੇ ਯਕੀਨੀ ਬਣਾਏ ਜਾਣਗੇ, ਟੈਕਸਾਂ ਵਿੱਚ ਵੱਡੀ ਰਾਹਤ ਦਿੱਤੀ ਜਾਵੇਗੀ, ਕਾਰੋਬਾਰ ਨੂੰ ਵਧਾਉਣ ਲਈ ਸਰਕਾਰ ਵੱਲੋਂ ਹਰ ਸਹਿਯੋਗ ਦਿੱਤਾ ਜਾਵੇਗਾ।ਸ੍ਰੀ ਸਿੰਗਲਾ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਪਾਸੇ ਗੁੰਡਾ ਰਾਜ ,ਦੂਜੇ ਪਾਸੇ ਸਾਫ਼ ਸੁਥਰੀ ਸਿਆਸਤ ਨੂੰ ਮੁੱਖ ਰੱਖ ਕੇ ਵੋਟ ਪਾਉਣ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਵਪਾਰੀ, ਦੁਕਾਨਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹਾਜ਼ਰ ਸੀ ।