ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਾਕਿਸਤਾਨ ਨਾਲ ਓਹਨਾਂ ਦੀ ਕੋਈ ਰੰਜਿਸ਼ ਨਹੀਂ

0
174
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਾਕਿਸਤਾਨ ਨਾਲ ਓਹਨਾਂ ਦੀ ਕੋਈ ਰੰਜਿਸ਼ ਨਹੀਂ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਾਕਿਸਤਾਨ ਨਾਲ ਓਹਨਾਂ ਦੀ ਕੋਈ ਰੰਜਿਸ਼ ਨਹੀਂ

Patiala(Shubham Garg):

ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਹ ਪਾਕਿਸਤਾਨ ਦੇ ਲੋਕਾਂ ਦੇ ਖਿਲਾਫ ਨਹੀਂ ਹਨ, ਸਗੋਂ ਪਾਕਿਸਤਾਨ ਦੇ ਸ਼ਾਸਕਾਂ ਅਤੇ ਫੌਜ ਦੇ ਖਿਲਾਫ ਹਨ ਜੋ ਹਮੇਸ਼ਾ ਤੋਂ ਭਾਰਤ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ ਅਤੇ ਸਰਹੱਦਾਂ ‘ਤੇ ਭਾਰਤੀ ਜਵਾਨਾਂ ਨੂੰ ਮਾਰਦੇ ਰਹੇ ਹਨ।

ਅੱਜ ਇੱਥੇ ਮਲੇਰਕੋਟਲਾ ਤੋਂ ਅਤੇ ਅਮਰਗੜ੍ਹ ਤੋਂ ਪਾਰਟੀ ਉਮੀਦਵਾਰਾਂ ਸ੍ਰੀਮਤੀ ਫਰਜ਼ਾਨਾ ਆਲਮ ਅਤੇ ਸਰਦਾਰ ਅਲੀ ਦੇ ਸਮਰਥਨ ਵਿੱਚ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਚੋਣਾਂ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨ ਗਈਆਂ ਕਿਉਂਕਿ ਪੰਜਾਬ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਸਨੂੰ ਸਿਰਫ ਓਹਨਾਂ ਦੀ ਡਬਲ ਇੰਜਣ ਸਰਕਾਰ ਹੀ ਹੱਲ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਪਟਿਆਲੇ ਦੀ 40 ਫੀਸਦੀ ਆਬਾਦੀ ਮੁਸਲਿਮ ਸੀ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਾਕਿਸਤਾਨ ਚਲੇ ਗਏ ਸਨ ਅਤੇ ਜਦੋਂ ਉਹ ਮੁੱਖ ਮੰਤਰੀ ਵਜੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਪਾਕਿਸਤਾਨ ਗਏ ਸਨ ਤਾਂ ਲੋਕਾਂ ਵੱਲੋਂ ਉਨ੍ਹਾਂ ਦਾ ਬਹੁਤ ਸਨਮਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਸਬੰਧਾਂ ਦੀ ਪੁਰਜ਼ੋਰ ਹਮਾਇਤ ਕਰਦੇ ਹਨ ਪਰ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਦੀ ਫੌਜ ਭਾਰਤ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਫੈਲਾ ਰਹੀ ਹੈ, ਜੋ ਕਿ ਅਸਵੀਕਾਰਨਯੋਗ ਹੈ।

ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਚੋਣ ‘ਤੇ ਭਗਵੰਤ ਮਾਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਚੰਗਾ ਅਭਿਨੇਤਾ ਹੈ ਜੋ ਲੋਕਾਂ ਦਾ ਚੰਗਾ ਮਨੋਰੰਜਨ ਕਰਦਾ ਹੈ ਅਤੇ ਟੈਲੀਵਿਜ਼ਨ ‘ਤੇ ਲੋਕਾਂ ਨੂੰ ਹਸਾਉਂਦਾ ਹੈ ਪਰ ਸਰਕਾਰ ਚਲਾਉਣਾ ਮਨੋਰੰਜਨ ਕਰਨ ਨਾਲੋਂ ਵਧੇਰੇ ਗੰਭੀਰ ਕੰਮ ਹੈ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਇੱਕ ਸੰਜੀਦਾ ਅਤੇ ਸਮਝਦਾਰ ਲੀਡਰਸ਼ਿਪ ਦੀ ਲੋੜ ਹੈ, ਜੋ ਨਾ ਸਿਰਫ਼ ਸੂਬੇ ਦੀ ਸੁਰੱਖਿਆ ਦਾ ਧਿਆਨ ਰੱਖ ਸਕੇ, ਸਗੋਂ ਪੰਜਾਬ ਨੂੰ ਅਨੇਕਾਂ ਸਮੱਸਿਆਵਾਂ ਵਿੱਚੋਂ ਵੀ ਬਾਹਰ ਕੱਢ ਸਕੇ।

ਸਾਬਕਾ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੇ ਮੁੱਖ ਮੰਤਰੀ ਅਹੁਦੇ ਲਈ ਇੱਕ “ਗਰੀਬ” ਉਮੀਦਵਾਰ ਨਾਮਜ਼ਦ ਕਰਨ ਦੇ ਦਾਅਵੇ ਦੀ ਖਿੱਲੀ ਉਡਾਈ। ਉਨ੍ਹਾਂ ਕਿਹਾ ਕਿ ਚੰਨੀ ਸੈਂਕੜੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਅਤੇ ਚੋਣਾਂ ਲੜਨ ਵਾਲੇ ਸਭ ਤੋਂ ਅਮੀਰ ਉਮੀਦਵਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਗਰੀਬ ਹੋਣਾ ਕਿਸੇ ਨੂੰ ਮੁੱਖ ਮੰਤਰੀ ਬਣਨ ਦੇ ਯੋਗ ਨਹੀਂ ਬਣਾ ਸਕਦਾ।

ਲੋਕਾਂ ਨੂੰ ਚੰਗੇ ਭਵਿੱਖ ਲਈ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰਾਂ ਨੂੰ ਚੁਣਨ ਦੀ ਅਪੀਲ ਕਰਦਿਆਂ ਉਨ੍ਹਾਂ ਯਾਦ ਦਿਵਾਇਆ ਕਿ ਉਨ੍ਹਾਂ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਨਾਲ-ਨਾਲ ਇੱਥੇ ਮੈਡੀਕਲ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ ਸੀ। ਉਨ੍ਹਾਂ ਸੂਬੇ ਵਿੱਚ ਭਾਜਪਾ-ਪੀ.ਐਲ.ਸੀ.-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸਰਕਾਰ ਬਣਨ ’ਤੇ ਸ਼ਹਿਰ ਵਿੱਚ ਯੂਨੀਵਰਸਿਟੀ ਸਥਾਪਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਸਥਾਨਕ ਲੋਕਾਂ ਦੀਆਂ ਮੰਗਾਂ ਦਾ ਹੁੰਗਾਰਾ ਭਰਦੇ ਹੋਏ ਮਲੇਰਕੋਟਲਾ ਨੂੰ ਨਗਰ ਨਿਗਮ ਬਣਾਉਣ ਦਾ ਵਾਅਦਾ ਵੀ ਕੀਤਾ ਤਾਂ ਜੋ ਇੱਥੇ ਆਮ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਕੀਤਾ ਜਾ ਸਕੇ।

LEAVE A REPLY

Please enter your comment!
Please enter your name here