ਲੁਧਿਆਣਾ, 07 ਮਾਰਚ
ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਵੱਲੋਂ ਲੁਧਿਆਣਾ ਜੇਲ੍ਹ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਰਮਜ਼ਾਨ ਦੇ ਮਹੀਨੇ ਦੌਰਾਨ ਮੁਸਲਿਮ ਕੈਦੀਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਂਚ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਵਿੱਚ 150 ਦੇ ਕਰੀਬ ਮੁਸਲਿਮ ਕੈਦੀ ਹਨ ਜਿਨ੍ਹਾਂ ਲਈ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਣ ਲਈ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਵੇਰ ਦੀ ਸੇਹਰੀ ਅਤੇ ਸ਼ਾਮ ਦੀ ਇਫਤਾਰੀ ਵਿੱਚ ਫਲ ਅਤੇ ਭੋਜਨ ਦੇਣ ਦੇ ਨਾਲ-ਨਾਲ ਰਾਤ ਨੂੰ ਤਰਬੀਹ ਦੀ ਨਮਾਜ਼ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਕਮਿਸ਼ਨ ਸਜ਼ਾ ਪੂਰੀ ਕਰ ਚੁੱਕੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਕੈਦੀਆਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਵਾਏਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਰਮਜ਼ਾਨ ਦੇ ਮਹੀਨੇ ਦੌਰਾਨ ਜੇਲ੍ਹਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮੁਸਲਿਮ ਕੈਦੀਆਂ ਨੂੰ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਅਨੁਸਾਰ ਰੋਜ਼ੇ ਰੱਖਣ ਵਿੱਚ ਕੋਈ ਦਿੱਕਤ ਨਾ ਆਵੇ।
ਜ਼ਿਕਰਯੋਗ ਹੈ ਕਿ ਰਮਜਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਸਬੰਧੀ ਇਹ ਵਿਸ਼ੇਸ਼ ਦੌਰਾ ਕੀਤਾ ਗਿਆ ਇਸ ਤੋਂ ਪਹਿਲਾਂ ਉਨ੍ਹਾਂ ਬੁੱਧਵਾਰ ਨੂੰ ਕਪੂਰਥਲਾ ਜੇਲ੍ਹ ਦਾ ਵੀ ਦੌਰਾ ਕੀਤਾ। ਹਾਲ ਹੀ ਵਿੱਚ ਉਨ੍ਹਾਂ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖ ਕੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਮੁਸਲਿਮ ਕੈਦੀਆਂ ਦੀਆਂ ਸਹੂਲਤਾਂ ਸਬੰਧੀ ਪ੍ਰਬੰਧ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ।
ਚੇਅਰਮੈਨ ਅਬਦੁਲ ਬਾਰੀ ਸਲਮਾਨੀ ਨੇ ਮੁਸਲਿਮ ਕੈਦੀਆਂ ਨੂੰ ਕਿਹਾ ਹੈ ਕਿ ਉਹ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਣ ਅਤੇ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਇੱਕ ਚੰਗੇ ਵਿਅਕਤੀ ਵਜੋਂ ਇਸ ਜੇਲ੍ਹ ਵਿੱਚੋਂ ਬਾਹਰ ਆਉਣ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਵਿੱਚ ਮੁਸਲਿਮ ਕੈਦੀਆਂ ਲਈ ਬਿਹਤਰ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੈਦੀਆਂ ਦੇ ਧਾਰਮਿਕ ਹੱਕਾਂ ਦੀ ਰਾਖੀ ਕੀਤੀ ਜਾ ਰਹੀ ਹੈ। ਕੈਦੀਆਂ ਨੂੰ ਸਵੇਰ ਦੇ ਸੁਹੂਰ ਅਤੇ ਇਫਤਾਰੀ ਸਮੇਂ ਖਾਣਾ, ਪੰਜ ਵਾਰ ਨਮਾਜ਼ ਅਤੇ ਰਾਤ ਨੂੰ ਤਰਬੀਹ ਨਮਾਜ਼ ਵਰਗੀਆਂ ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਜੇਲ੍ਹ ਸੁਪਰਡੈਂਟ ਕਮਾਂਡੈਂਟ ਸ਼ਿਵਰਾਜ ਸਿੰਘ, ਡੀ.ਐਸ.ਪੀ. ਹਰਬੰਸ ਲਾਲ ਵੀ ਮੌਜੂਦ ਸਨ।