ਜ਼ਿਲਾ ਲੁਧਿਆਣਾ ਦੇ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦਾ ਕੰਮ ਜ਼ੋਰਾਂ ‘ਤੇ

-ਪੌਦੇ ਲਗਾਉਣ ਅਤੇ ਇਨਾਂ ਦੀ ਸੰਭਾਲ ਲਈ ਲੋਕ ਸਹਿਯੋਗ ਕਰਨ-ਡਿਪਟੀ ਕਮਿਸ਼ਨਰ


ਲੁਧਿਆਣਾ, ( ਹੇਮਰਾਜ ਜਿੰਦਲ )-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਿਲਾ ਲੁਧਿਆਣਾ ਦਾ ਬਕਾਇਦਾ ਖਾਕਾ ਤਿਆਰ ਕਰਕੇ ਕੰਮ ਕੀਤਾ ਜਾ ਰਿਹਾ ਹੈ। ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 430 ਪਿੰਡਾਂ ਵਿੱਚ 2 ਲੱਖ 36 ਹਜ਼ਾਰ 500 ਪੌਦੇ ਲਗਾਏ ਜਾ ਚੁੱਕੇ ਹਨ। ਜਦਕਿ 846 ਪਿੰਡਾਂ ਵਿੱਚ ਟੋਏ ਪੁੱਟਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ 941 ਪਿੰਡ ਪੈਂਦੇ ਹਨ, ਜਿਨਾਂ ਵਿੱਚ 5 ਲੱਖ 17 ਹਜ਼ਾਰ 550 ਪੌਦੇ ਲਗਾਏ ਜਾ ਰਹੇ ਹਨ, ਜਿਸ ਵਿੱਚੋਂ 46 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨਾਂ ਕਿਹਾ ਕਿ ਇਸ ਕਾਰਜ ਵਿੱਚ ਜ਼ਿਲਾ ਲੁਧਿਆਣਾ ਬਾਕੀ ਸਾਰੇ ਜ਼ਿਲਿਆਂ ਤੋਂ ਅੱਗੇ ਚੱਲ ਰਿਹਾ ਹੈ। ਉਨਾਂ ਕਿਹਾ ਕਿ ਪੌਦੇ ਲਗਾਉਣ ਲਈ ਢੁੱਕਵੀਂ ਜਗਾਂ ਦੀ ਭਾਲ ਤੋਂ ਲੈ ਕੇ ਪੌਦਿਆਂ ਦੀ ਲੋੜੀਂਦੀ ਸੰਭਾਲ ਤੱਕ ਦੀ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਜ਼ਿਲਾ ਪੱਧਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ, ਇਸ ਕਮੇਟੀ ਦੀ ਸੁਪਰਵੀਜ਼ਨ ਦੀ ਜਿੰਮੇਵਾਰੀ ਵਧੀਕ ਡਿਪਟੀ ਕਮਿਸ਼ਨਰ (ਵ) ਅਤੇ ਡਵੀਜ਼ਨਲ ਜੰਗਲਾਤ ਅਫ਼ਸਰ ਦੀ ਲਗਾਈ ਗਈ ਹੈ। ਜ਼ਿਲਾ ਪੱਧਰੀ ਕਮੇਟੀ ਵਿੱਚ ਸਾਰੇ ਐੱਸ. ਡੀ. ਐੱਮਜ਼, ਸਹਾਇਕ ਆਬਕਾਰੀ ਅਤੇ ਕਰ ਅਫ਼ਸਰ-2 ਲੁਧਿਆਣਾ, ਭੂਮੀ ਅਧਿਗ੍ਰਹਿਣ ਕੁਲੈਕਟਰ ਨਗਰ ਸੁਧਾਰ ਟਰੱਸਟ ਲੁਧਿਆਣਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਅਸਟੇਟ ਅਫ਼ਸਰ ਗਲਾਡਾ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਜ਼ਿਲਾ ਲੋਕ ਸੰਪਰਕ ਅਫ਼ਸਰ, ਜ਼ਿਲਾ ਸੂਚਨਾ ਅਫ਼ਸਰ, ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਬਲਾਕ ਪੱਧਰੀ ਵਣ ਅਫ਼ਸਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਸਾਰੇ 941 ਪਿੰਡਾਂ ਲਈ ਇੱਕ-ਇੱਕ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਕੰਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕੀਤਾ ਜਾਣਾ ਹੈ। ਪੜਾਅ ਵਾਰ ਸ਼ੁਰੂ ਕੀਤੇ ਗਏ ਇਸ ਕੰਮ ਤਹਿਤ 1 ਜੁਲਾਈ ਤੋਂ 30 ਸਤੰਬਰ 2019 ਤੱਕ ਪੌਦੇ ਲਗਾਏ ਜਾ ਰਹੇ ਹਨ। ਪੌਦਿਆਂ ਦੇ ਰੱਖ ਰਖਾਵ ਅਤੇ ਸੁਰੱਖਿਆ ਦੇ ਪ੍ਰਬੰਧਾਂ ਦੀ ਹੇਠਲੇ ਪੱਧਰ ‘ਤੇ ਨਿਗਰਾਨੀ 30 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਜ਼ਿਲਾ ਪ੍ਰਸਾਸ਼ਨ ਦਾ ਪੂਰਨ ਸਹਿਯੋਗ ਕਰਨ, ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਵੱਡੇ ਅਤੇ ਪਰਉਪਕਾਰੀ ਕਾਰਜ ਵਿੱਚ ਸਫ਼ਲਤਾ ਨਹੀਂ ਮਿਲ ਸਕਦੀ। ਨਰਸਰੀਆਂ ਵਿੱਚ ਪੌਦਿਆਂ ਦੀ ਕੋਈ ਕਮੀ ਨਹੀਂ ਹੈ। ਹਰੇਕ ਪਿੰਡ ਵਿੱਚ ਤੈਅ ਸਮਾਂ ਸੀਮਾ ਵਿੱਚ ਪੌਦੇ ਲਗਾਉਣ ਦਾ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ। ਗਰੀਨ ਪੰਚਾਇਤਾਂ ਦੀ ਹੋਵੇਗੀ ਚੋਣ-ਡਵੀਜ਼ਨਲ ਜੰਗਲਾਤ ਅਫ਼ਸਰ ਇਸ ਸੰਬੰਧੀ ਗੱਲਬਾਤ ਕਰਦਿਆਂ ਡਵੀਜ਼ਨਲ ਜੰਗਲਾਤ ਅਫ਼ਸਰ ਸ੍ਰ. ਚਰਨਜੀਤ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੀਆਂ ਪੰਚਾਇਤਾਂ ਆਪਣੇ ਪਿੰਡਾਂ ਵਿੱਚ ਸਾਰੇ 550 ਪੌਦਿਆਂ ਨੂੰ ਬਚਾਅ ਕੇ ਰੱਖਣਗੀਆਂ ਉਨਾਂ ਨੂੰ ਵਿਭਾਗ ਵੱਲੋਂ ‘ਗਰੀਨ ਪੰਚਾਇਤ’ ਦਾ ਦਰਜਾ ਦਿੱਤਾ ਜਾਵੇਗਾ। ਵਿਭਾਗ ਵੱਲੋਂ ਇਸ ਸੰਬੰਧੀ ਹਰੇਕ ਪਿੰਡ ਵਿੱਚ ਸਰਵੇਖਣ 6 ਮਹੀਨੇ ਬਾਅਦ ਕੀਤਾ ਜਾਵੇਗਾ। ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਵਿਭਾਗ ਵੱਲੋਂ ਉਤਸ਼ਾਹੀ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *