ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਅਤੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾੜਨ ਲਈ ਯਤਨ ਕੀਤੇ ਜਾਣ-ਮੁੱਖ ਚੋਣ ਅਫ਼ਸਰ

-ਵੱਖ-ਵੱਖ ਚੋਣ ਪ੍ਰਕਿਰਿਆਵਾਂ ਬਾਰੇ ਰਿਸੋਰਸ ਪਰਸਨਾਂ ਨੇ ਦਿੱਤੀ ਜਾਣਕਾਰੀ

ਲੁਧਿਆਣਾ, ( ਹੇਮਰਾਜ ਜਿੰਦਲ )-‘‘ਆਗਾਮੀ ਲੋਕ ਸਭਾ ਚੋਣਾਂ-2019 ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਅਤੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾੜਨ ਦੀ ਜਿੰਮੇਵਾਰੀ ਰਿਟਰਨਿੰਗ ਅਫ਼ਸਰਾਂ ਅਤੇ ਚੋਣ ਅਮਲੇ ਦੇ ਸਮੁੱਚੇ ਮੈਂਬਰਾਂ ਦੀ ਹੈ। ਸਮੁੱਚੇ ਚੋਣ ਅਮਲ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਪੁਰਜ਼ੋਰ ਯਤਨ ਕੀਤੇ ਜਾਣੇ ਚਾਹੀਦੇ ਹਨ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਐੱਸ. ਕਰੁਣਾ ਰਾਜੂ ਨੇ ਅੱਜ ਬਚਤ ਭਵਨ ਵਿਖੇ ਕੀਤਾ। ਉਹ ਅੱਜ ਇਥੇ ਪੂਰੇ ਪੰਜਾਬ ਦੇ ਰਿਟਰਨਿੰਗ ਅਧਿਕਾਰੀਆਂ ਦੀ ਦੋ ਰੋੋਜ਼ਾ ਚੋਣ ਸਿਖ਼ਲਾਈ ਸੰਬੰਧੀ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਸਨ। ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਪੁਰਜ਼ੋਰ ਕੋਸ਼ਿਸ਼ ਹੈ ਕਿ ਲੋਕ ਸਭਾ ਚੋਣਾਂ-2019 ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਲਿਜਾਇਆ ਜਾਵੇ ਤਾਂ ਜੋ ਵੋਟ ਫੀਸਦੀ ਨੂੰ ਵਧਾਇਆ ਜਾ ਸਕੇ। ਇਸ ਤੋਂ ਇਲਾਵਾ ਸਮੁੱਚੀ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ ਜਾਵੇ। ਇਸ ਲਈ ਪੰਜਾਬ ਵਿੱਚ ਵੀ ਸੁਚੱਜੇ ਯਤਨ ਕੀਤੇ ਜਾ ਰਹੇ ਹਨ।  ਸ੍ਰੀ ਰਾਜੂ ਨੇ ਚੋਣ ਅਧਿਕਾਰੀਆਂ ਨੂੰ ਪੋਲਿੰਗ ਸਟਾਫ਼ ਅਤੇ ਪੋਲਿੰਗ ਪਾਰਟੀਆਂ, ਸਟਾਫ਼ ਵੈੱਲਫੇਅਰ, ਅਪਾਹਜ਼ ਵੋਟਰਾਂ ਦੀ ਸਹੂਲਤਾਂ ਲਈ ਢੁੱਕਵੇਂ ਪ੍ਰਬੰਧ ਕਰਨ, ਪੇਡ ਨਿੳੂਜ਼ (ਮੁੱਲ ਦੀਆਂ ਖ਼ਬਰਾਂ) ਅਤੇ ਗੁੰਮਰਾਹਕੁੰਨ ਖ਼ਬਰਾਂ ’ਤੇ ਨਜ਼ਰ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦਾ ਗਠਨ, ਗਿਣਤੀ ਅਤੇ ਨਤੀਜਿਆਂ ਦੇ ਐਲਾਨ ਮੌਕੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਹੋਰ ਡਿੳੂਟੀਆਂ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰਾਂ ਅਤੇ ਉਮੀਦਵਾਰਾਂ ਦੀ ਸਹੂਲਤ ਲਈ ਕਈ ਸੁਵਿਧਾਵਾਂ ਜਿਵੇਂਕਿ ਸੁਵਿਧਾ, ਸੁਗਮ, ਸਮਾਧਾਨ, ਸੀ-ਵਿਜਿਲ ਅਤੇ ਕਾੳੂਂਟਿੰਗ ਐਪਲੀਕੇਸ਼ਨ ਬਾਰੇ ਵੀ ਜਾਗਰੂਕਤਾ ਪੈਦਾ ਕਰਨ ਦੀ ਹਦਾਇਤ ਕੀਤੀ। ਸ੍ਰੀ ਰਾਜੂ ਨੇ ਕਿਹਾ ਕਿ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਾਰੇ ਰਿਟਰਨਿੰਗ ਅਧਿਕਾਰੀ ਖੁਦ ਸਵੀਪ ਗਤੀਵਿਧੀਆਂ ਦੀ ਨਜ਼ਰਸਾਨੀ ਕਰਨ। ਉਨ੍ਹਾਂ ਕਿਹਾ ਕਿ ਮਜਬੂਤ ਲੋਕਤੰਤਰ ਦੀ ਸਿਰਜਣਾ ਕਰਨ ਲਈ ਚੋਣ ਅਮਲ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਜ਼ਰੂਰੀ ਹੈ। ਸਿਖ਼ਲਾਈ ਪ੍ਰੋਗਰਾਮ ਦੇ ਦੂਜੇ ਅਤੇ ਅੰਤਿਮ ਦਿਨ ਅੱਜ ਰਿਸੋਰਸ ਪਰਸਨਾਂ ਸ੍ਰੀ ਅਮਨਦੀਪ ਬਾਂਸਲ ਵਧੀਕ ਮੈਨੇਜਿੰਗ ਡਾਇਰੈਕਟਰ ਪਨਸਪ, ਸ੍ਰ. ਗੁਰਮੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵ) ਮਾਨਸਾ, ਮਿਸ ਅਮਿ੍ਰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਰਜੇਸ਼ ਤਿ੍ਰਪਾਠੀ ਵਧੀਕ ਡਿਪਟੀ ਕਮਿਸ਼ਨਰ (ਜ) ਮਾਨਸਾ ਅਤੇ ਸ੍ਰੀ ਰਾਹੁਲ ਚੱਬਾ ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਨੇ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਧੀਕ ਮੁੱਖ ਚੋਣ ਅਫ਼ਸਰ ਸ੍ਰੀਮਤੀ ਕਵਿਤਾ ਮੋਹਨ ਸਿੰਘ ਅਤੇ ਹੋਰ ਚੋਣ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *