ਵੈਟਨਰੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਇਆ 25ਵਾਂ ਪਸ਼ੂ ਪਾਲਣ ਮੇਲਾ

Spread the love
  •  
  •  
  •  
  •  

ਲੁਧਿਆਣਾ,  ( ਹੇਮਰਾਜ ਜਿੰਦਲ )-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਅੱਜ ਲੁਧਿਆਣਾ ਵਿਖੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਸ਼ੁਰੂ ਹੋਇਆ। ਸ਼੍ਰੀ ਵੀ.ਪੀ. ਸਿੰਘ ਬਦਨੌਰ, ਰਾਜਪਾਲ, ਪੰਜਾਬ ਮੇਲੇ ਦੇ ਮੁੱਖ ਮਹਿਮਾਨ ਸਨ ਜਦਕਿ ਜਨਾਬ ਹਾਮਿਦ ਕਰਜ਼ਈ, ਸਾਬਕਾ ਰਾਸ਼ਟਰਪਤੀ, ਅਫ਼ਗਾਨਿਸਤਾਨ ਨੇ ਪਤਵੰਤੇ ਮਹਿਮਾਨ ਵਜੋਂ ਮੌਕੇ ਦੀ ਸੋਭਾ ਵਧਾਈ। ਸ਼੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਅੱਗੇ ਵੱਧ ਕੇ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਸੰਬੰਧੀ ਅਗਵਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਬਹੁਤ ਸੁਲਝਿਆ ਹੋਇਆ ਹੈ ਅਤੇ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਉਨਾਂ ਆਸ ਪ੍ਰਗਟਾਈ ਕਿ ਆਉਂਦੀ ਰੁੱਤ ਵਿਚ ਅਸੀਂ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਤੋਂ ਬਚਾਂਗੇ ਅਤੇ ਪੰਜਾਬ ਦਾ ਕਿਸਾਨ ਇਕ ਨਵੀਂ ਉਦਾਹਰਣ ਸਥਾਪਿਤ ਕਰੇਗਾ। ਉਨਾਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਵਿਚ ਪਰਾਲੀ ਦੀ ਬੜੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਲਈ ਸਾਨੂੰ ਉਪਰਾਲਾ ਕਰਨਾ ਚਾਹੀਦਾ ਹੈ। ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਖੇਤੀ ਵਿਭਿੰਨਤਾ ਲਿਆਉਣ ਲਈ ਪਸ਼ੂ ਪਾਲਣ ਕਿੱਤੇ ਸਾਡੇ ਕੋਲ ਸਭ ਤੋਂ ਵਧੀਆ ਰਾਹ ਹਨ। ਇਨਾਂ ਕਿੱਤਿਆਂ ਵਿੱਚ ਵੱਡੀਆਂ ਸੰਭਾਵਨਾਵਾਂ ਲੁਕੀਆਂ ਹੋਈਆਂ ਹਨ। ਇਨਾਂ ਵਿੱਚ ਹੋਰ ਮੁਹਾਰਤ ਹਾਸਿਲ ਕਰਨਾ ਇਸ ਵੇਲੇ ਵਕਤ ਦੀ ਜ਼ਰੂਰਤ ਹੈ। ਪਸ਼ੂ ਪਾਲਣ ਕਿੱਤਿਆਂ ਵਿੱਚ ਉਤਪਾਦਾਂ ਦੀ ਗੁਣਵੱਤਾ ਵਧਾ ਕੇ, ਸਿਹਤਮੰਦ ਉਤਪਾਦ ਤਿਆਰ ਕਰਕੇ ਪਸ਼ੂ ਪਾਲਕ ਆਪਣੇ ਮੁਨਾਫ਼ੇ ਨੂੰ ਕਾਫੀ ਬਿਹਤਰ ਕਰ ਸਕਦੇ ਹਨ। ਉਨਾਂ ਇਹ ਵੀ ਕਿਹਾ ਕਿ ਮੱਛੀ, ਸੂਰ ਅਤੇ ਬੱਕਰੀ ਪਾਲਣ ਦੇ ਕਿੱਤੇ ਵਿਗਿਆਨਕ ਢੰਗ ਨਾਲ ਕੀਤਿਆਂ ਬਹੁਤ ਲਾਹੇਵੰਦ ਸਾਬਿਤ ਹੋ ਰਹੇ ਹਨ ਜਦਕਿ ਮੁਰਗੀ ਪਾਲਣ ਨੂੰ ਵੀ ਬੜੇ ਵੱਡੇ ਵਪਾਰਕ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਉਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਮਿਲਾਵਟੀ ਦੁੱਧ ਤਿਆਰ ਕਰਨ ਵਾਲੇ ਲੋਕਾਂ ਸੰਬੰਧੀ ਵੀ ਜਾਗਰੂਕ ਰਹਿਣ ਦੀ ਲੋੜ ਹੈ।ਕਿਸਾਨ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਉਲੀਕੇ ਗਏ ਇਸ ਮੇਲੇ ਦਾ ਇਸ ਵਾਰ ਦਾ ਨਾਅਰਾ ਹੈ ”ਵਿਗਿਆਨਕ ਨੁਕਤੇ ਨਸਲ ਸੁਧਾਰ, ਦੁਗਣੀ ਆਮਦਨ ਲਾਏ ਬਹਾਰ”।ਡਾ. ਬਲਦੇਵ ਸਿੰਘ ਢਿੱਲੋਂ, ਉਪ-ਕੁਲਪਤੀ, ਪੀ.ਏ.ਯੂ ਅਤੇ ਬੋਰਡ ਦੇ ਮੈਂਬਰਾਂ ਤੋਂ ਇਲਾਵਾ ਹੋਰ ਕਈ ਮਹੱਤਵਪੂਰਨ ਸ਼ਖ਼ਸੀਅਤਾਂ ਮੌਜੂਦ ਸਨ। ਮਾਰਚ ਅਤੇ ਸਿਤੰਬਰ ਦੇ ਮਹੀਨੇ, ਸਾਲ ਵਿੱਚ ਦੋ ਵਾਰ ਲਗਾਇਆ ਜਾਂਦਾ ਇਹ ਮੇਲਾ ਪਸ਼ੂ ਪਾਲਕਾਂ, ਵਿਗਿਆਨੀਆਂ, ਪਸਾਰ ਕਰਮਚਾਰੀਆਂ, ਡੇਅਰੀ ਅਫਸਰਾਂ, ਪਸ਼ੂ ਆਹਾਰ ਮਾਹਿਰਾਂ, ਮੱਛੀ ਪਾਲਣ ਅਧਿਕਾਰੀਆਂ ਅਤੇ ਪਸ਼ੂ ਇਲਾਜ ਅਤੇ ਤਕਨੀਕੀ ਸੰਦਾਂ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਦਾ ਹੈ। ਇਸ ਮੰਚ ‘ਤੇ ਜਿੱਥੇ ਨਵੀਆਂ ਸੂਚਨਾਵਾਂ, ਤਕਨੀਕਾਂ ਅਤੇ ਸਕੀਮਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉਥੇ ਆਪੋ ਆਪਣੇ ਤਜਰਬੇ ਵੀ ਵਿਚਾਰੇ ਜਾਂਦੇ ਹਨ। ਮੇਲੇ ਸਬੰਧੀ ਦੱਸਦਿਆਂ ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਕਾਫੀ ਵੱਡੀ ਤਾਦਾਦ ਵਿੱਚ ਲੋਕ ਬੱਕਰੀ, ਸੂਰ ਤੇ ਮੱਛੀਆਂ ਪਾਲਣ ਦੇ ਧੰਦੇ ਅਪਨਾਉਣ ਦੇ ਖਾਹਿਸ਼ਮੰਦ ਦਿਸੇ। ਉਹ ਯੂਨੀਵਰਸਿਟੀ ਵੱਲੋਂ ਭਵਿੱਖ ਵਿੱਚ ਕਰਵਾਏ ਜਾ ਰਹੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਲੈਣ ਲਈ ਵਿਸ਼ੇਸ਼ ਰੁਝਾਨ ਰੱਖਦੇ ਸਨ।ਯੂਨੀਵਰਸਿਟੀ ਵੱਲੋਂ ਪਸ਼ੂ ਪਾਲਕਾਂ ਲਈ ਤਿਆਰ ਕੀਤੀਆਂ ਜਾਂਦੀਆਂ ਪ੍ਰਕਾਸ਼ਨਾਵਾਂ ਜਿਵੇਂ ਡੇਅਰੀ ਫਾਰਮਿੰਗ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਮੱਸਿਆਵਾਂ ਅਤੇ ਮਹੀਨੇਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਪਸ਼ੂ ਪਾਲਕਾਂ ਅਤੇ ਨਵੇਂ ਸਿਖਾਂਦਰੂਆਂ ਨੇ ਬਹੁਤ ਪਸੰਦ ਕੀਤਾ।ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਪਰਚੇ ਵੀ ਵੰਡੇ ਗਏ। ਯੂਨੀਵਰਸਿਟੀ ਦੇ ਵੈਟਨਰੀ ਕਾਲਜ ਦੇ ਵਿਭਿੰਨ ਵਿਭਾਗਾਂ ਨੇ ਪਸ਼ੂ ਪਾਲਕਾਂ ਦੇ ਫਾਇਦੇ ਹਿੱਤ ਪਸ਼ੂਆਂ ਨੂੰ ਹੋਣ ਵਾਲੇ ਰੋਗਾਂ ਅਤੇ ਮੁਸ਼ਕਿਲਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਵਿਭਾਗਾਂ ਨੇ ਆਪਣੇ ਵੱਖ-ਵੱਖ ਸਟਾਲ ਲਗਾ ਕੇ ਪਸ਼ੂਆਂ ਦੀ ਹਰ ਸਮੱਸਿਆ ਤੇ ਰੋਸ਼ਨੀ ਪਾਈ।ਦੁੱਧ ਦੀ ਜਾਂਚ ਕਿੱਟ, ਲੇਵੇ ਦੀ ਸੋਜ ਤੋਂ ਬਚਾਉ ਕਿੱਟ, ਥਣਾਂ ਦੀ ਸੰਭਾਲ ਦੀ ਜਾਣਕਾਰੀ ਅਤੇ ਚਿੱਚੜਾਂ, ਮਲੱਪਾਂ ਤੋਂ ਬਚਾਅ ਵਾਸਤੇ ਵੀ ਪ੍ਰਦਰਸ਼ਨੀ ਲਾਈ ਗਈ ਸੀ ਜਿਸ ਦਾ ਪਸ਼ੂ ਪਾਲਕਾਂ ਨੇ ਕਾਫੀ ਫਾਇਦਾ ਪ੍ਰਾਪਤ ਕੀਤਾ। ਯੂਨੀਵਰਸਿਟੀ ਦੇ ਫਿਸ਼ਰੀਜ ਕਾਲਜ ਨੇ ਜਿੱਥੇ ਕਾਰਪ ਮੱਛੀਆਂ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦਾ ਪ੍ਰਦਰਸ਼ਨ ਕੀਤਾ, ਉਥੇ ਉਨਾਂ ਨੇ ਖਾਰੇ ਪਾਣੀ ਵਿੱਚ ਮੱਛੀ ਪਾਲਣ ਸੰਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ। ਡਕਵੀਡ ਅਤੇ ਅਜ਼ੋਲਾ ਨੂੰ ਮੱਛੀ ਦੀ ਫੀਡ ਅਤੇ ਪਸ਼ੂ ਆਹਾਰ ਦੇ ਤੌਰ ਤੇ ਕਿਵੇਂ ਵਰਤਿਆ ਜਾ ਸਕਦਾ ਹੈ ਉਸ ਸਬੰਧੀ ਪਸ਼ੂ ਪਾਲਕਾਂ ਨੂੰ ਪੂਰਨ ਜਾਣਕਾਰੀ ਦਿੱਤੀ ਗਈ। ਪਸ਼ੂ ਆਹਾਰ ਵਿਭਾਗ ਵੱਲੋਂ ਤਿਆਰ ਕੀਤੇ ਗਏ ਇਲਾਕਾ ਆਧਾਰਿਤ ਧਾਤਾਂ ਦੇ ਮਿਸ਼ਰਣ, ਬਾਈ-ਪਾਸ ਫੈਟ ਅਤੇ ਪਸ਼ੂ ਚਾਟ ਸਬੰਧੀ ਪਸ਼ੂ ਪਾਲਕ ਵਿਸ਼ੇਸ਼ ਖਿੱਚ ਰੱਖਦੇ ਸਨ।ਉਨਾਂ ਵੱਡੀ ਮਾਤਰਾ ਵਿੱਚ ਇਨਾਂ ਪਦਾਰਥਾਂ ਨੂੰ ਖਰੀਦਿਆ ਕਿਉਂਕਿ ਇਹ ਬਹੁਤ ਹੀ ਵਾਜਬ ਕੀਮਤ ਤੇ ਦਿੱਤੇ ਜਾ ਰਹੇ ਸਨ। ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਪਾਇਲਟ ਡੇਅਰੀ ਪਲਾਂਟ ਵਿੱਚ ਤਿਆਰ ਕੀਤੀ ਭਿੰਨ-ਭਿੰਨ ਤਰਾਂ ਦੀ ਮਿੱਠੀ ਅਤੇ ਨਮਕੀਨ ਲੱਸੀ, ਦੁੱਧ, ਪਨੀਰ, ਢੋਡਾ ਬਰਫੀ, ਅਤੇ ਹੋਰ ਕਈ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੇਲੇ ਵਿੱਚ ਆਏ ਲੋਕਾਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ।ਪਸ਼ੂਧਨ ਉਤਪਾਦ ਵਿਭਾਗ ਵੱਲੋਂ ਤਿਆਰ ਕੀਤੇ ਗਏ ਉਤਪਾਦ ਜਿਵੇਂ ਮੀਟ ਦੀਆਂ ਪੈਟੀਆਂ, ਮੀਟ ਤੇ ਆਂਡਿਆਂ ਦਾ ਆਚਾਰ ਖਰੀਦਣ ਲਈ ਲੋਕਾਂ ਨੇ ਵਾਹਵਾ ਸ਼ੌਕ ਵਿਖਾਇਆ ਅਤੇ ਉਨਾਂ ਨੂੰ ਬਨਾਉੇਣ ਦੀਆਂ ਵਿਧੀਆਂ ਜਾਨਣ ਲਈ ਵੀ ਜਗਿਆਸਾ ਜ਼ਾਹਰ ਕੀਤੀ ਤਾਂ ਕਿ ਉਹ ਘਰ ਵੀ ਇਨਾਂ ਵਸਤਾਂ ਨੂੰ ਤਿਆਰ ਕਰ ਸਕਣ।ਇਸ ਵਿਭਾਗ ਨੇ ਮੀਟ ਕਟਲੈਟ, ਮੀਟ ਮੋਮੋਜ਼, ਮੀਟ ਦੇ ਬਿਸਕੁਟ ਅਤੇ ਆਂਡਿਆਂ ਦੇ ਜੈਮ ਵਰਗੀਆਂ ਵਸਤਾਂ ਪੇਸ਼ ਕੀਤੀਆਂ। ਮਾਹਿਰਾਂ ਨੇ ਇਹ ਵੀ ਦੱਸਿਆ ਕਿ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਯੂਨੀਵਰਸਿਟੀ ਨਾਲ ਰਾਬਤਾ ਕਰ ਕੇ ਸਿਖਲਾਈ ਵੀ ਲੈ ਸਕਦੇ ਹਨ। ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗ, ਮਿਲਕਫੈਡ, ਦਵਾਈਆਂ, ਟੀਕਿਆਂ ਦੀਆਂ ਫਰਮਾਂ ਅਤੇ ਦੁੱਧ ਪ੍ਰੋਸੈਸਿੰਗ ਮਸ਼ੀਨਰੀ ਵਾਲੀਆਂ ਕੰਪਨੀਆਂ ਨੇ ਆਪਣੇ ਸਟਾਲ ਲਗਾਏ ਹੋਏ ਸਨ।ਯੂਨੀਵਰਸਿਟੀ ਦੀ ਦੇਖ ਰੇਖ ਵਿੱਚ ਸਥਾਪਿਤ ਜਥੇਬੰਦੀਆਂ ਨੇ ਵੀ ਆਪਣੇ ਸਟਾਲ ਲਗਾ ਕੇ ਨਵੇਂ ਮੈਂਬਰਾਂ ਦੀ ਭਰਤੀ ਕੀਤੀ।ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ, ਅਧਿਕਾਰੀਆਂ, ਅਧਿਆਪਕ ਸਾਹਿਬਾਨ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੇ ਪੂਰੇ ਆਨੰਦ ਨਾਲ ਮੇਲੇ ਨੂੰ ਵੇਖਿਆ।ਗੁਆਂਢੀ ਸੂਬਿਆਂ ਦੇ ਪਸ਼ੂ ਪਾਲਕਾਂ ਨੇ ਵੀ ਮੇਲੇ ਵਿੱਚ ਭਰਵੀਂ ਹਾਜ਼ਰੀ ਲਗਵਾਈ, ਜਿਸ ਨਾਲ ਪਸ਼ੂ ਪਾਲਣ ਦੇ ਧੰਦਿਆਂ ਨੂੰ ਅਪਨਾਉਣ ਦੀ ਕਿਸਾਨਾਂ ਦੀ ਰੁਚੀ ਦਾ ਪਤਾ ਲਗਦਾ ਹੈ। ਮੇਲਾ 21 ਸਤੰਬਰ ਨੂੰ ਵੀ ਜਾਰੀ ਰਹੇਗਾ।


Spread the love
  •  
  •  
  •  
  •