ਵਿਸ਼ੇਸ਼ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੀਆਂ ਬਲਾਂਈਂਡ ਸਕੂਲ ਵਿੱਚ ਮੁਹੱਈਆ ਖੇਡ ਸਹੂਲਤਾਂ

-ਆਪਣੇ ਆਪ ਨੂੰ ਸਰੀਰਕ ਤੌਰ ‘ਤੇ ਫਿੱਟ ਰੱਖਣ ਲਈ ਲਾਭ ਲੈ ਰਹੇ ਵਿਦਿਆਰਥੀ


ਲੁਧਿਆਣਾ,  ( ਹਰੀਸ਼ ਕੁਮਾਰ )--ਅੱਖਾਂ ਤੋਂ ਨਾ ਦੇਖ ਸਕਣ ਵਾਲੇ ਵਿਦਿਆਰਥੀਆਂ ਦੇ ਜਮਾਲਪੁਰ ਸਥਿਤ ਸਕੂਲ ਵਿੱਚ ਵਿਦਿਆਰਥੀਆਂ ਲਈ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਗਈਆਂ ਹਨ। ਜਿਨਾਂ ਦਾ ਇਥੇ ਰਹਿ ਕੇ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਭਰਪੂਰ ਲਾਭ ਲੈ ਰਹੇ ਹਨ। ਇਨਾਂ ਖੇਡ ਸਹੂਲਤਾਂ ‘ਤੇ 42 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਦਾ ਉਦਘਾਟਨ ਲੰਘੇ ਦਿਨੀਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਉਦਘਾਟਨ ਕੀਤਾ ਸੀ। ਇਸ ਸੰਸਥਾ ਨੂੰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ।  ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿਦਿਆਰਥੀਆਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰੱਖਣ ਲਈ ਇਹ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਸਕੂਲ ਅਜਿਹੀਆਂ ਖੇਡ ਸਹੂਲਤਾਂ ਵਾਲਾ ਸੂਬਾ ਦਾ ਪਹਿਲਾ ਸਕੂਲ ਬਣ ਗਿਆ ਹੈ। ਇਨਾਂ ਖੇਡ ਸਹੂਲਤਾਂ ਵਿੱਚ ਜਿਮਨੇਜ਼ੀਅਮ, ਐਕਟੀਵਿਟੀ ਰੂਮ, ਫੁੱਟਬਾਲ ਮੈਦਾਨ, ਕ੍ਰਿਕਟ, ਡਿਸਕਸ ਥਰੋਅ, ਸ਼ਾਟਪੁੱਟ, ਅਥਲੈਟਿਕਸ, ਲਾਂਗ ਜੰਪ ਅਤੇ ਹੋਰ ਸਹੂਲਤਾਂ ਸ਼ਾਮਿਲ ਹਨ।
ਇਸ ਸੰਸਥਾ ਦੇ ਸੁਪਰਡੈਂਟ ਸ੍ਰ. ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਅੱਖਾਂ ਤੋਂ ਦੇਖ ਨਾ ਸਕਣ ਵਾਲੇ ਵਿਦਿਆਰਥੀਆਂ ਲਈ ਹੋਸਟਲ ਅਤੇ ਸਕੂਲ ਹੈ, ਜਿਸ ਵਿੱਚ ਬਰੇਲ ਪ੍ਰੈੱਸ ਅਤੇ ਅਜਿਹੇ ਵਿਦਿਆਰਥੀਆਂ ਨੂੰ ਪੜਾਉਣ ਲਈ ਰੱਖੇ ਜਾਂਦੇ ਅਧਿਆਪਕਾਂ ਦਾ ਸਿਖ਼ਲਾਈ ਸੰਸਥਾਨ ਹੈ। ਉਨਾਂ ਕਿਹਾ ਕਿ ਜਦੋਂ ਤੋਂ ਇਨਾਂ ਖੇਡ ਸਹੂਲਤਾਂ ਦੀ ਆਰੰਭਤਾ ਹੋਈ ਹੈ, ਉਦੋਂ ਤੋਂ ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਨਾਂ ਦਾ ਲਾਭ ਲੈ ਰਹੇ ਹਨ। ਉਨਾਂ ਕਿਹਾ ਕਿ ਇਸ ਸੰਸਥਾ ਵਿੱਚ ਬੱਚਿਆਂ ਨੂੰ ਉੱਚ ਮਿਆਰ ਦੀ ਸਿੱਖਿਆ ਮੁਹੱਈਆ ਕਰਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਇਸ ਸੰਸਥਾ ਦਾ ਵਿਦਿਆਰਥੀ ਰਿਹਾ ਕਪਿਲ ਦੇਵ ਅੱਜ ਵਿਸ਼ਵ ਵਿੱਚ ਮਸ਼ਹੂਰ ਕ੍ਰਿਕਟਰ ਵਜੋਂ ਜਾਣਿਆ ਜਾਂਦਾ ਹੈ। ਉਨਾਂ ਕਿਹਾ ਕਿ ਕਪਿਲ ਦੇਵ ਨੇ ਪਿਛਲੇ ਸਾਲ ਲੁਧਿਆਣਾ ਵਿਖੇ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਹੋਏ ਟੀ-20 ਮੈਚ ਵਿੱਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ ਸੀ।  ਉਨਾਂ ਕਿਹਾ ਕਿ ਮੌਜੂਦਾ ਸਮੇਂ ਇਸ ਸੰਸਥਾ ਵਿੱਚ 64 ਵਿਦਿਆਰਥੀ ਸਿੱਖਿਆ ਲੈ ਰਹੇ ਹਨ, ਜਿਨਾਂ ਦਾ ਸਮੁੱਚਾ ਖਰਚਾ ਪੰਜਾਬ ਸਰਕਾਰ ਵੱਲੋਂ ਉਠਾਇਆ ਜਾ ਰਿਹਾ ਹੈ। ਇਸ ਸੰਸਥਾ ਵਿੱਚ ਇਹ ਖੇਡ ਸਹੂਲਤਾਂ ਮੁਹੱਈਆ ਕਰਾਉਣ ਨਾਲ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੋਇਆ ਹੈ। ਉਨਾਂ ਕਿਹਾ ਕਿ ਜਿਮਨੇਜ਼ੀਅਮ ਅਤੇ ਐਕਟੀਟਿਵੀ ਰੂਮ ਵਿਦਿਆਰਥੀਆਂ ਲਈ ਪੂਰੀ ਤਰਾਂ ਉਪਲਬੱਧ ਹੈ, ਜਦਕਿ ਖੇਡ ਮੈਦਾਨਾਂ ਨੂੰ ਖੇਡਣ ਲਈ ਤਿਆਰ ਕਰਨ ਦਾ ਕੰਮ ਜ਼ੋਰਾਂ ‘ਤੇ ਜਾਰੀ ਹੈ।

Leave a Reply

Your email address will not be published. Required fields are marked *