ਵਿਧਾਇਕ ਸੰਜੇ ਤਲਵਾੜ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਤੋਂ ਡਾਇੰਗਾਂ ਅਤੇ ਵਾਸ਼ਿੰਗ ਯੂਨਿਟਾਂ ਵਿੱਚੋਂ ਨਿਕਲ ਰਹੇ ਗੰਦੇ ਪਾਣੀ ਬਾਰੇ ਮੰਗਿਆ ਜਵਾਬ


-ਸ਼ਹਿਰ ਵਿੱਚ ਚੱਲ ਰਹੇ ਡਾਇੰਗ/ਵਾਸ਼ਿੰਗ ਯੂਨਿਟਾਂ ਦੇ ਨਾਮ ਅਤੇ ਪਤੇ ਪੁੱਛੇ


ਲੁਧਿਆਣਾ,( ਹੇਮਰਾਜ ਜਿੰਦਲ )– ਵਿਧਾਇਕ ਸ਼੍ਰੀ ਸੰਜੀਵ ਤਲਵਾੜ (ਸੰਜੇ) ਨੇ ਨਿਗਰਾਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਨੂੰ ਪੱਤਰ ਜਾਰੀ ਕਰਕੇ ਡਾਇੰਗਾਂ ਅਤੇ ਵਾਸ਼ਿੰਗ ਯੂਨਿਟਾਂ ਵਿੱਚੋਂ ਨਿਕਲ ਰਹੇ ਗੰਦੇ ਪਾਣੀ ਬਾਰੇ ਲਿਖਤੀ ਰੂਪ ਵਿੱਚ ਜਵਾਬ ਮੰਗਿਆ ਹੈ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲੁਧਿਆਣਾ ਸ਼ਹਿਰ ਵਿੱਚ ਚੱਲ ਰਹੇ ਡਾਇੰਗ ਯੂਨਿਟਾਂ ਅਤੇ ਵਾਸਿੰਗ ਯੂਨਿਟਾਂ ਦੇ ਨਾਮ ਅਤੇ ਪਤੇ ਵੀ ਪੁੱਛੇ ਹਨ। ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਇਨ੍ਹਾਂ ਯੂਨਿਟਾਂ ਨੇ ਕਿੰਨਾ-ਕਿੰਨਾ ਗੰਦਾ ਪਾਣੀ ਸੁੱਟਣ ਦੀ ਪ੍ਰਵਾਨਗੀ ਵਿਭਾਗ ਤੋਂ ਲਈ ਹੋਈ ਹੈ ਅਤੇ ਇਨ੍ਹਾਂ ਯੂਨਿਟਾਂ ਵੱਲੋਂ ਮੌਜੂਦਾ ਸਮੇਂ ਦੌਰਾਨ ਕਿੰਨਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਅਤੇ ਇਨ੍ਹਾਂ ਯੂਨਿਟਾਂ ਵੱਲੋਂ ਵਿਭਾਗ ਪਾਸ ਕਿੰਨੇ ਪੈਸੇ ਜਮ੍ਹਾਂ ਕਰਵਾਏ ਗਏ ਹਨ। ਲੁਧਿਆਣਾ ਜ਼ਿਲ੍ਹੇ ‘ਚ ਲੱਗੇ ਕੁੱਲ ਯੂਨਿਟਾਂ ਵਿੱਚੋਂ ਕਿਹੜੇ-ਕਿਹੜੇ ਯੂਨਿਟ ਗੰਦਾ ਪਾਣੀ ਸੁੱਟਦੇ ਹਨ ਅਤੇ ਕਿਹੜੇ ਯੂਨਿਟ ਸਾਫ ਪਾਣੀ ਸੁੱਟਦੇ ਹਨ, ਜਿਹੜੇ ਯੂਨਿਟ ਗੰਦਾ ਪਾਣੀ ਸੁੱਟਦੇ ਹਨ ਉਨ੍ਹਾਂ ‘ਤੇ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਲਿਖਤ ਜਾਣਕਾਰੀ ਮੰਗੀ ਹੈ। ਵਿਧਾਇਕ ਨੇ ਪੁੱਛਿਆ ਹੈ ਕਿ ਤਾਜਪੁਰ ਰੋਡ ‘ਤੇ ਪੈਂਦੇ ਨਗਰ ਨਿਗਮ ਦੇ ਐਸ.ਟੀ.ਪੀ. ਪਲਾਂਟ ਵਿੱਚ ਆ ਰਹੇ ਪਾਣੀ ਨੂੰ ਮੋਟਰ ਲਗਾ ਕੇ ਬੁੱਢੇ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ, ਜੇਕਰ ਇਹ ਪਾਣੀ ਸਾਫ ਹੈ ਤਾਂ ਉਹ ਪਾਣੀ ਸਿੱਧੇ ਤੌਰ ‘ਤੇ ਬੁੱਢੇ ਨਾਲੇ ਵਿੱਚ ਕਿਉਂ ਨਹੀਂ ਪਾਇਆ ਜਾ ਰਿਹਾ ਹੈ ਅਤੇ ਜੇਕਰ ਇਹ ਪਾਣੀ ਗੰਦਾ ਹੈ ਤਾਂ ਦੱਸਿਆ ਜਾਵੇ ਕਿ ਇਹ ਪਾਣੀ ਕਿਹੜੇ-ਕਿਹੜੇ ਡਾਇੰਗ ਯੂਨਿਟਾਂ ਵੱਲੋਂ ਐਸ.ਟੀ.ਪੀ. ਪਲਾਂਟ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਇਨ੍ਹਾਂ ਯੂਨਿਟਾਂ ‘ਤੇ ਪ੍ਰਦੂਸ਼ਣ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਪ੍ਰਦੂਸ਼ਣ ਵਿਭਾਗ ਤੋਂ ਜਾਣਕਾਰੀ ਮੰਗੀ ਹੈ ਕਿ ਡਾਇੰਗ ਯੂਨਿਟਾਂ ਅਤੇ ਵਾਸ਼ਿਗ ਯੂਨਿਟਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲੀ ਕਾਲੀ ਰਾਖ ਕਿਹੜੇ-ਕਿਹੜੇ ਯੂਨਿਟਾਂ ਵਿੱਚੋਂ ਨਿਕਲਦੀ ਹੈ ਅਤੇ ਉਨ੍ਹਾਂ ‘ਤੇ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਵਿਧਾਇਕ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਡਾਇੰਗ ਯੂਨਿਟਾਂ ਅਤੇ ਵਾਸਿੰਗ ਯੂਨਿਟਾਂ ਵੱਲੋਂ  ਕਿਹੜੇ ਬਾਲਣ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ ਅਤੇ ਪ੍ਰਦੂਸ਼ਣ ਨਾ ਫੈਲਾਉਣ ਵਾਲੇ ਬਾਲਣ ਕਿਹੜੇ-ਕਿਹੜੇ ਯੂਨਿਟਾਂ ਵਿੱਚ ਵਰਤੇ ਜਾਂਦੇ ਹਨ। ਵਿਧਾਇਕ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਤੋਂ ਇਹ ਜਾਣਕਾਰੀ ਮੰਗੀ ਕਿ ਕਿਹੜੇ-ਕਿਹੜੇ ਯੂਨਿਟ ਵੱਲੋਂ ਆਪਣੇ ਪਲਾਂਟ ਵਿੱਚ ਐਸ.ਟੀ.ਪੀ. ਪਲਾਂਟ ਲਗਾਇਆ ਗਿਆ ਹੈ। ਜਿਹੜੇ ਯੂਨਿਟਾਂ ਵੱਲੋਂ ਐਸ.ਟੀ.ਪੀ. ਪਲਾਂਟ ਨਹੀਂ ਲਗਾਇਆ ਗਿਆ ਉਨ੍ਹਾਂ ਵਿਰੁੱਧ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਮੇਰੇ ਸਮੇਤ ਹਲਕਾ ਪੂਰਬੀ ਦੇ ਕੌਂਸਲਰਾਂ ਨੂੰ 09 ਅਗਸਤ, 2019 ਤੱਕ ਲਿਖਤੀ ਰੂਪ ਵਿੱਚ ਮੁਹੱਈਆ ਕਰਵਾਈ ਜਾਵੇ।

Leave a Reply

Your email address will not be published. Required fields are marked *