ਵਿਧਾਇਕ ਸੁਰਿੰਦਰ ਡਾਵਰ ਵੱਲੋਂ ਲੁਧਿਆਣਾ ਵਿਖੇ ਅਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

-ਜ਼ਿਲਾ ਲੁਧਿਆਣਾ ਦੇ 4 ਲੱਖ 49 ਹਜ਼ਾਰ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਕਰਵਾਉਣ ਦੀ ਮਿਲੇਗੀ ਸਹੂਲਤ


ਲੁਧਿਆਣਾ, ( ਸੰਜੇ ਮਿੰਕਾ )-ਅਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੀ ਅੱਜ ਸੂਬੇ ਭਰ ਵਿੱਚ ਸ਼ੁਰੂਆਤ ਹੋ ਗਈ। ਜ਼ਿਲਾ ਲੁਧਿਆਣਾ ਵਿੱਚ ਇਸ ਦੀ ਸ਼ੁਰੂਆਤ ਹਲਕਾ ਲੁਧਿਆਣਾ (ਕੇਂਦਰੀ) ਦੇ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਨੇ ਸ਼ੁਰੂਆਤ ਕਰਵਾਈ। ਇਸ ਸਕੀਮ ਤਹਿਤ ਪੰਜਾਬ ਦੇ 43 ਲੱਖ ਅਤੇ ਜ਼ਿਲਾ ਲੁਧਿਆਣਾ ਦੇ ਤਕਰੀਬਨ 4 ਲੱਖ 49 ਹਜ਼ਾਰ ਪਰਿਵਾਰਾਂ ਨੂੰ ਲਾਭ ਮਿਲੇਗਾ।ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਡਾਵਰ ਨੇ ਦੱਸਿਆ ਕਿ ਅਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 2 ਲੱਖ 18 ਹਜ਼ਾਰ ਐਸ.ਈ.ਸੀ.ਸੀ. (ਸੋਸ਼ੀਓ ਇਕਨਾਮਿਕ ਕਾਸਟ ਸੈਂਸਜ਼) ਪਰਿਵਾਰ, 1 ਲੱਖ 66 ਹਜ਼ਾਰ ਨੀਲਾ ਕਾਰਡ ਧਾਰਕ, 40 ਹਜ਼ਾਰ ਕਿਸਾਨ, 10 ਹਜ਼ਾਰ ਛੋਟੇ ਵਪਾਰੀ ਅਤੇ 15 ਹਜ਼ਾਰ ਉਸਾਰੀ ਕਾਮੇ ਸ਼ਾਮਿਲ ਕੀਤੇ ਹਨ, ਜੋ ਕਿ ਕੁੱਲ ਗਿਣਤੀ 4 ਲੱਖ 49 ਹਜ਼ਾਰ ਬਣਦੀ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਸਬੰਧੀ ਸਰਕਾਰ ਵੱਲੋਂ ਇਫਕੋ-ਟੋਕੀਓ ਇੰਸ਼ੋਰੈਂਸ ਕੰਪਨੀ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਕੈਸ਼ਲੈਸ ਇੰਸ਼ੋਰੈਂਸ ਸਕੀਮ ਅਧੀਨ ਹਰ ਸਾਲ ਇੱਕ ਪਰਿਵਾਰ ਪੰਜ ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾ ਹੈ। ਇਸ ਸਕੀਮ ਦਾ ਲੋਕਾਂ ਨੂੰ ਲਾਭ ਦੇਣ ਲਈ ਜ਼ਿਲਾ ਲੁਧਿਆਣਾ ਦੇ 16 ਸਰਕਾਰੀ ਅਤੇ 26 ਪ੍ਰਾਈਵੇਟ ਹਸਪਤਾਲਾਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਗੋਲਡਨ ਕਾਰਡ ਜਾਰੀ ਕੀਤਾ ਜਾ ਰਿਹਾ ਹੈ। ਇਹ ਸਕੀਮ ਸੂਬੇ ਦੇ ਲੋਕਾਂ ਦੀ ਭਲਾਈ ਲਈ ਬੇਹੱਦ ਫਾਇਦੇਮੰਦ ਹੋਵੇਗੀ ਅਤੇ ਲੋਕ ਸੁਰੱਖਿਅਤ ਜੀਵਨ ਬਤੀਤ ਕਰ ਸਕਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਦੀ ਜਾਣਕਾਰੀ ਲਈ ਇੰਪੈਨਲਡ ਹਸਪਤਾਲਾਂ ਵਿੱਚ ਇਸ ਸਕੀਮ ਸਬੰਧੀ ਬੈਨਰ ਲਗਾਏ ਜਾਣ ਅਤੇ ਹੈੱਲਪ ਡੈੱਸਕ ਸਥਾਪਤ ਕੀਤੇ ਜਾਣ। ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਸਰਕਾਰ ਵੱਲੋ 9000 ਹਜ਼ਾਰ ਕਮਿਊਨਿਟੀ ਸਰਵਿਸ ਸੈਂਟਰ ਖੋਲੇ ਹੋਏ ਹਨ। ਰਜਿਸਟ੍ਰੇਸ਼ਨ ਲਈ ਲੋੜਵੰਦ ਇਹਨਾਂ ਸੈਂਟਰਾਂ ‘ਤੇ ਅਧਾਰ ਕਾਰਡ ਦੇ ਨਾਲ ਕਿਸਾਨ ‘ਜੇ’ ਫਾਰਮ, ਛੋਟੇ ਵਪਾਰੀ ਪੈਨ ਕਾਰਡ, ਉਸਾਰੀ ਕਾਮੇ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰ ਵੈਲਫੇਅਰ ਬੋਰਡ (ਬੀ.ਓ.ਸੀ.ਡਬਲਯੂ.ਡਬਲਯੂ.ਬੀ.) ਵੱਲੋਂ ਜਾਰੀ ਰਜਿਸਟ੍ਰੇਸ਼ਨ ਨੰਬਰ ਅਤੇ ਨੀਲਾ ਰਾਸ਼ਨ ਕਾਰਡ ਲੈ ਕੇ ਜਾਣ। ਉਹਨਾਂ ਦੱਸਿਆ ਕਿ ਸਫ਼ਲ ਵਿਅਕਤੀਆਂ ਨੂੰ ਈ-ਕਾਰਡ ਜਾਰੀ ਕਰ ਦਿੱਤਾ ਜਾਵੇਗਾ, ਜਿਸ ਨਾਲ ਉਹ ਇਸ ਸਕੀਮ ਦੇ ਲਾਭ ਲੈਣ ਦੇ ਯੋਗ ਹੋ ਜਾਣਗੇ। ਉਨਾਂ ਕਿਹਾ ਕਿ ਆਪਣਾ ਨਾਮ ਜਾਨਣ ਲਈ ਕਿ ਇਸ ਸੂਚੀ ਵਿੱਚ ਦਰਜ ਹੈ ਤਾਂ ਅਸੀਂ ਕਿਸੇ ਕਾਮਨ ਸਰਵਿਸ ਸੈਂਟਰ, ਹਸਪਤਾਲ ਦੇ ਸਟਾਫ ਅਰੋਗਿਆ ਮਿੱਤਰ, ਟੋਲ ਫ੍ਰੀ ਨੰ : 104 ਅਤੇ ਵੈੱਬਸਾਈਟwww.shapunjab.in  ‘ਤੇ ਦੇਖ ਸਕਦੇ ਹਾਂ। ਉਨਾਂ ਕਿਹਾ ਕਿ ਨੇੜੇ ਦੀ ਸਿਹਤ ਸੰਸਥਾ ਤੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ। ਇਸ ਮੌਕੇ ਯੋਗ ਲਾਭਪਾਤਰੀਆਂ ਨੂੰ ਸਿਹਤ ਯੋਜਨਾ ਦੇ ਕਾਰਡਾਂ ਦੀ ਵੀ ਵੰਡ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਸੰਜੇ ਤਲਵਾੜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸੀਨੀਅਰ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *