ਲੁਧਿਆਣਾ ਦੀਆਂ ਦੋ ਤਕਨੀਕੀ ਸੰਸਥਾਵਾਂ ਵਿੱਚ ਲਗਾਏ 1100 ਪੌਦੇ


 

-ਚੇਅਰਮੈਨ ਸੁਬਰਾਮਨੀਅਮ ਅਤੇ ਕੌਂਸਲਰ ਮਮਤਾ ਆਸ਼ੂ ਨੇ ਕੀਤੀ ਮੁਹਿੰਮ ਦੀ ਸ਼ੁਰੂਆਤ


ਲੁਧਿਆਣਾ, ( ਸੰਜੇ ਮਿੰਕਾ )-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਿੱਥੇ ਪੂਰੇ ਸੂਬੇ ਭਰ ਵਿੱਚ ਆਮ ਲੋਕਾਂ ਨੂੰ ਸਾਫ਼ ਸੁਥਰਾ ਆਲਾ ਦੁਆਲਾ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਾਉਣ ਲਈ ਯਤਨ ਸ਼ੁਰੂ ਕੀਤੇ ਗਏ ਹਨ, ਉਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰੇਕ ਪਿੰਡ ਵਿੱਚ 550 ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਅੱਜ ਸ਼ਹਿਰ ਲੁਧਿਆਣਾ ਦੀਆਂ ਦੋ ਵੱਡੀਆਂ ਤਕਨੀਕੀ ਸੰਸਥਾਵਾਂ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਰਿਸ਼ੀ ਨਗਰ ਅਤੇ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲੜਕੇ) ਵਿਖੇ 1100 ਪੌਦੇ (ਪ੍ਰਤੀ ਸੰਸਥਾ 500 ਪੌਦੇ) ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦਾ ਉਦਘਾਟਨ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਸ੍ਰੀ ਰਮਨ ਸੁਬਰਾਮਨੀਅਮ ਅਤੇ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕੀਤਾ। ਦੋਵੇਂ ਜਗਾਂ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮਾਂ ਦੌਰਾਨ ਗੱਲਬਾਤ ਕਰਦਿਆਂ ਸ੍ਰੀ ਰਮਨ ਅਤੇ ਸ੍ਰੀਮਤੀ ਆਸ਼ੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੋਇਆ ਹੈ। ਇਸੇ ਦਿਹਾੜੇ ਨੂੰ ਸਮਰਪਿਤ ਸੂਬਾ ਸਰਕਾਰ ਵੱਲੋਂ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਅਤੇ ਉਨਾਂ ਨੂੰ ਸੰਭਾਲਣ ਦਾ ਵੀ ਕਾਰਜ ਆਰੰਭ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ 941 ਪਿੰਡਾਂ ਵਿੱਚ 5 ਲੱਖ 17 ਹਜ਼ਾਰ 550 ਪੌਦੇ ਲਗਾਏ ਜਾ ਰਹੇ ਹਨ। ਹੁਣ ਤੱਕ 850 ਦੇ ਕਰੀਬ ਪਿੰਡਾਂ ਵਿੱਚ ਕਰੀਬ 3.75 ਲੱਖ ਪੌਦੇ ਲਗਾਏ ਵੀ ਜਾ ਚੁੱਕੇ ਹਨ। ਪੌਦੇ ਲਗਾਉਣ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਆਲਾ ਦੁਆਲਾ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਵਾਉਣ ਲਈ ਦ੍ਰਿੜ ਯਤਨਸ਼ੀਲ ਹੈ। ਇਸੇ ਕਰਕੇ ਹੀ ਸੂਬੇ ਭਰ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਸ਼ੁਰੂ ਕੀਤਾ ਗਿਆ ਸੀ। ਇਸ ਮਿਸ਼ਨ ਤਹਿਤ ਜਿੱਥੇ ਨਿੱਤ ਦਿਨ ਖਾਣ ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰਾਂ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਦੇ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਉਨਾਂ ਸ਼ਹਿਰ ਦੇ ਨਾਗਰਿਕਾਂ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨਾਂ ਨੂੰ ਸੰਭਾਲਣ ਲਈ ਯਤਨ ਕਰਨ। ਇਸ ਮੌਕੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸ੍ਰ. ਭੁਪਿੰਦਰ ਸਿੰਘ ਹਨੀ ਓ. ਐੱਸ. ਡੀ. ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਵਿਭਾਗ, ਪ੍ਰਿੰਸੀਪਲ ਇੰਜ. ਮਹਿੰਦਰਪਾਲ ਸਿੰਘ, ਪ੍ਰਿੰਸੀਪਲ ਸ੍ਰ. ਬਲਜਿੰਦਰ ਸਿੰਘ, ਡਵੀਜ਼ਨਲ ਜੰਗਲਾਤ ਅਫ਼ਸਰ ਸ੍ਰ. ਚਰਨਜੀਤ ਸਿੰਘ ਕੂੰਨਰ, ਸ੍ਰ. ਅਮਨਦੀਪ ਸਿੰਘ ਲੱਕੀ, ਸ੍ਰ. ਚਰਨਜੀਤ ਸਿੰਘ ਵਿਸ਼ਕਰਮਾ, ਸ੍ਰੀ ਇੰਦਰਜੀਤ ਨਾਗਪਾਲ, ਦੋਵੇਂ ਸੰਸਥਾਵਾਂ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *