ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ 30ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਸ਼ੁਰੂ

-ਟ੍ਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ

ਲੁਧਿਆਣਾ, ( ਹੇਮਰਾਜ ਜਿੰਦਲ )-ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ 30ਵਾਂ ਨੈਸ਼ਨਲ ਸੜਕ ਸੁਰੱਖਿਆ ਹਫ਼ਤਾ ‘ਸੜਕ ਸੁਰੱਖਿਆ ਜੀਵਨ ਰੱਖਿਆ’ ਦੇ ਨਾਅਰੇ ਹੇਠ ਅੱਜ ਸ਼ੁਰੂ ਕੀਤਾ ਗਿਆ ਹੈ, ਜੋ ਕਿ 10 ਫਰਵਰੀ 2019 ਤੱਕ ਜਾਰੀ ਰਹੇਗਾ। ਇਸ ਹਫ਼ਤੇ ਦੀ ਸ਼ੁਰੂਆਤ ਜ਼ਿਲ੍ਹਾ ਪੁਲਿਸ ਮੁੱਖੀ ਸ੍ਰ. ਵਰਿੰਦਰ ਸਿੰਘ ਬਰਾੜ ਨੇ ਕੀਤੀ। ਇਸ ਸੰਬੰਧੀ ਅੱਜ ਸਥਾਨਕ ਟਰੱਕ ਯੂਨੀਅਨ ਵਿਖੇ ਰੱਖੇ ਸਮਾਗਮ ਦੌਰਾਨ ਸ੍ਰ. ਬਰਾੜ ਨੇ ਸਮੂਹ ਵਾਹਨ ਚਾਲਕਾਂ ਨੂੰ ਡਰਾਈਵਿੰਗ ਦੌਰਾਨ ਸੀਟ ਬੈੱਲਟ ਅਤੇ ਹੈੱਲਮਟ ਪਹਿਨਣ ਦੀ ਅਪੀਲ ਕੀਤੀ। ਸ੍ਰ. ਬਰਾੜ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਟ੍ਰੈਫਿਕ ਨਿਯਮਾਂ ਸੰੰਬੰਧੀ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਦੌਰਾਨ ਟਰਾਲੀਆਂ, ਸਾਈਕਲਾਂ ਅਤੇ ਹੋਰ ਵਾਹਨਾਂ ’ਤੇ ਰਿਫਲੈਕਟਰ ਵੀ ਲਗਾਏ ਜਾਣਗੇ। ਮਾਹਿਰ ਸਰਕਾਰੀ ਡਾਕਟਰਾਂ ਵੱਲੋਂ ਵਾਹਨ ਚਾਲਕਾਂ ਦੀ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਗੱਡੀਆਂ ਦੀ ਫਿਟਨੈੱਸ ਅਤੇ ਚੈਕਿੰਗ ਮਕੈਨਿਕਾਂ ਵੱਲੋਂ ਕਰਵਾਈ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਕਰਨ ਲਈ ਯਤਨ ਕੀਤੇ ਜਾਣਗੇ।
ਇਸ ਮੌਕੇ ਉਨ੍ਹਾਂ ਟਰਾਲੀਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਟਰਾਲੀਆਂ ’ਤੇ ਰਿਫਲੈਕਟਰ ਲਗਾਉਣੇ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹ ਹਫ਼ਤਾ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਮਨਾਇਆ ਜਾ ਰਿਹਾ ਹੈ ਤਾਂ ਜੋ ਸੜਕ ਹਾਦਸਿਆਂ ਵਿੱਚ ਕਮੀ ਲਿਆਂਦੀ ਜਾ ਸਕੇ ਅਤੇ ਕੀਮਤੀ ਜਾਂਨਾਂ ਦਾ ਬਚਾਅ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਸਪੈਕਟਰ ਸ੍ਰ. ਜਸਪਾਲ ਸਿੰਘ, ਥਾਣੇਦਾਰ ਸ੍ਰ. ਨਿਧਾਨ ਸਿੰਘ, ਹੌਲਦਾਰ ਸਤਿੰਦਰਪਾਲ ਸਿੰਘ, ਹੌਲਦਾਰ ਸ੍ਰ. ਜਸਵਿੰਦਰ ਸਿੰਘ, ਸ੍ਰ. ਬਿੰਦਰ ਸਿੰਘ ਮਨੀਲਾ ਪ੍ਰਧਾਨ ਟਰੱਕ ਯੂਨੀਅਨ ਜਗਰਾਂਉ, ਮੁਨਸ਼ੀ ਸ੍ਰ. ਕੁਲਵੰਤ ਸਿੰਘ, ਸ੍ਰ. ਕੇਵਲ ਸਿੰਘ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *