ਯੋਗ ਵਿਅਕਤੀ 19 ਅਪ੍ਰੈਲ ਤੋਂ ਪਹਿਲਾਂ ਵੋਟਰ ਵਜੋਂ ਰਜਿਸਟਰੇਸ਼ਨ ਕਰਾਉਣ-ਜ਼ਿਲਾ ਚੋਣ ਅਫ਼ਸਰ

-ਜ਼ਿਲਾ ਲੁਧਿਆਣਾ ਵਿੱਚ 31 ਜਨਵਰੀ 2019 ਤੋਂ ਬਾਅਦ 46 ਹਜ਼ਾਰ ਤੋਂ ਵੱਧ ਨਵੇਂ ਵੋਟਰ ਰਜਿਸਟਰਡ


ਲੁਧਿਆਣਾ, ( ਹੇਮਰਾਜ ਜਿੰਦਲ )-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਯੋਗ ਵੋਟਰਾਂ ਨੂੰ ਆਪਣੇ ਆਪ ਨੂੰ ਜਲਦ ਤੋਂ ਜਲਦ ਵੋਟਰ ਵਜੋਂ ਰਜਿਸਟਰਡ ਕਰਾਉਣ ਦੀ ਅਪੀਲ ਕੀਤੀ ਹੈ।  ਉਨਾਂ ਦੱਸਿਆ ਕਿ ਪੰਜਾਬ ਵਿੱਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਡੇਢ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਧ ਤੋਂ ਵੱਧ ਯੋਗ ਲੋਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਜਾਗਰੂਕ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ ਸੂਬੇ ਦੇ ਵਸਨੀਕਾਂ ਦੇ ਵੱਡੀ ਗਿਣਤੀ ਵਿੱਚ ਰਜਿਸਟਰਡ ਹੋਣ ਨਾਲ ਇਸ ਮੁਹਿੰਮ ਨੂੰ ਕਾਫ਼ੀ ਸਫ਼ਲਤਾ ਮਿਲੀ ਹੈ। ਪਰ ਜੇ ਕਿਸੇ ਕੇਸ ਵਿੱਚ ਕੋਈ ਰਹਿ ਵੀ ਜਾਂਦਾ ਹੈ ਤਾਂ ਉਸਨੂੰ ਆਖਰੀ ਮਿਤੀ ਤੋਂ ਪਹਿਲਾਂ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾ ਲੈਣਾ ਚਾਹੀਦਾ ਹੈ ਕਿਉਂ ਜੋ ਚੋਣਾਂ ਵਿੱਚ ਅਜੇ ਵੀ ਕੁਝ ਸਮਾਂ ਬਾਕੀ ਹੈ। ਉਨਾਂ ਕਿਹਾ ਕਿ ਲੋਕ ਪ੍ਰਤੀਨਿਧ ਕਾਨੂੰਨ, 1951 ਦੀ ਧਾਰਾ 62 ਅਨੁਸਾਰ ਜਿਸ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਵੋਟਰ ਵਜੋਂ ਦਰਜ ਹੋਵੇਗਾ ਉਹੀ ਵਿਅਕਤੀ ਸਬੰਧਤ ਲੋਕ ਸਭਾ ਹਲਕੇ ਵਿੱਚ ਵੋਟ ਪਾਉਣ ਲਈ ਹੱਕਦਾਰ ਹੋਵਗਾ। ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ 19 ਮਈ 2019 ਨੂੰ ਇੱਕੋ-ਪੜਾਅ ਵਿੱਚ ਵੋਟਾਂ ਪੈਣਗੀਆਂ। ਉਮੀਦਵਾਰਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 29 ਅਪ੍ਰੈਲ ਹੈ। ਉਨਾਂ ਅੱਗੇ ਦੱਸਿਆ ਕਿ ਚੋਣ ਕਮਿਸ਼ਨ ਚਾਹੁੰਦਾ ਹੈ ਕਿ ਜੋ ਵਿਅਕਤੀ ਵੋਟ ਪਾਉਣਾ ਚਾਹੁੰਦਾ ਹੈ ਉਹ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਰਜਿਸਟਰ ਕਰਵਾ ਲਵੇ ਅਤੇ ਇਸ ਤਰਾਂ ਪੰਜਾਬ ਵਿੱਚ ਰਜਿਸਟ੍ਰੇਸ਼ਨਾਂ ਲਈ ਆਖ਼ਰੀ ਮਿਤੀ 19 ਅਪ੍ਰੈਲ ਨਿਰਧਾਰਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ 31-01-2019 ਤੱਕ ਜ਼ਿਲਾ ਲੁਧਿਆਣਾ ਵਿੱਚ 25,16,885 ਵੋਟਰ ਹਨ। ਇਸ ਤੋਂ ਬਾਅਦ 46139 ਨਵੇਂ ਵੋਟਰ ਰਜਿਸਟਰ ਕੀਤੇ ਗਏ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨਾਂ ਅੱਗੇ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਗਿਆ ਹੈ। ਲੋਕ ਆਪਣੀ ਜਾਣਕਾਰੀ ਦੀ ਜਾਂਚ ਵੋਟਰ ਹੈਲਪਲਾਈਨ ਐਪ ‘ਤੇ ਜਾਂ ਵੈੱਬਸਾਈਟ (www.nvsp.in) ‘ਤੇ ਲਾਗ ਇੰਨ ਕਰਕੇ ਸਕਦੇ ਹਨ। ਜੇ ਕਿਸੇ ਕੇਸ ਵਿੱਚ ਉਨਾਂ ਦਾ ਨਾਮ ਵੋਟਰ ਵਜੋਂ ਦਰਜ ਨਹੀਂ ਹੁੰਦਾ ਤਾਂ ਉਹ ਐਪ, ਵੈਬਸਾਈਟ ਜ਼ਰੀਏ ਫਾਰਮ 6 ਆਨਲਾਈਨ ਭਰ ਕੇ ਜਾਂ ਡੀ.ਸੀ., ਐਸ.ਡੀ.ਐਮ ਅਤੇ ਤਹਿਸੀਲਦਾਰ ਦਫ਼ਤਰ ਵਿੱਚ ਫੈਸਿਲੀਟੇਸ਼ਨ ਸੈਂਟਰ ਵਿਖੇ ਇਹ ਫਾਰਮ ਭਰ ਸਕਦੇ ਹਨ। ਨਾਗਰਿਕ ਕਿਸੇ ਵੀ ਪੁੱਛਗਿੱਛ ਜਾਂ ਸਹਾਇਤਾ ਲਈ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕਰ ਸਕਦੇ ਹਨ। ਉਨਾਂ ਅਪੀਲ ਕੀਤੀ ਕਿ ਜਿਨਾਂ ਲੋਕਾਂ ਨੇ ਅਜੇ ਤੱਕ ਰਜਿਸਟਰ ਨਹੀਂ ਕਰਵਾਇਆ ਉਹ 19 ਅਪ੍ਰੈਲ ਤੋਂ ਪਹਿਲਾਂ ਆਪਣਾ ਨਾਮ ਦਰਜ ਕਰਵਾਉਣ ਤਾਂ ਜੋ ਉਹ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹੋ ਸਕਣ।

Leave a Reply

Your email address will not be published. Required fields are marked *