ਮੱਤੇਵਾੜਾ ਕੰਪਲੈਕਸ ਵਿੱਚ ਪੈਂਦੇ ਸਤਲੁੱਜ ਦਰਿਆ ਵਿੱਚ ਪਏ ਪਾੜ ਦੀ ਸਥਿਤੀ ਦਾ ਵਿਸ਼ੇਸ਼ ਮੁੱਖ ਸਕੱਤਰ ਕੇ. ਬੀ. ਐੱਸ. ਸਿੱਧੂ ਵੱਲੋਂ ਜਾਇਜ਼ਾ

-ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜੀਨੀਅਰਾਂ ਨੂੰ ਰਾਹਤ ਕਾਰਜਾਂ ਲਈ 2 ਕਰੋੜ ਰੁਪਏ ਤੱਕ ਦੀ ਵਿੱਤੀ ਪ੍ਰਵਾਨਗੀ ਜਾਰੀ ਕੀਤੀ-ਸਿੱਧੂ


ਮੱਤੇਵਾੜਾ/ਲੁਧਿਆਣਾ, ( ਹੇਮਰਾਜ ਜਿੰਦਲ )-ਜ਼ਿਲਾ ਪ੍ਰਸਾਸ਼ਨ ਵੱਲੋਂ ਸਮੇਂ ਸਿਰ ਦਿਖ਼ਾਈ ਫੁਰਤੀ ਨਾਲ ਸਥਾਨਕ ਮੱਤੇਵਾੜਾ ਕੰਪਲੈਕਸ ਵਿੱਚ ਪੈਂਦੇ ਦਰਿਆ ਸਤਲੁੱਜ ਵਿੱਚ ਪਾੜ ਪੈਣ ਤੋਂ ਬਚਾਅ ਕਰ ਲਿਆ ਗਿਆ। ਪਿੰਡ ਗੜੀ ਫਾਜ਼ਲ ਨਾਲ ਲੱਗਦੇ ਇਸ ਖੇਤਰ ਵਿੱਚ ਕਰੀਬ 60 ਫੁੱਟ ਦਾ ਪਾੜ ਪੈਣ ਦਾ ਖ਼ਤਰਾ ਪੈਦਾ ਹੋ ਗਿਆ ਸੀ, ਜਿਸ ਨੂੰ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸਮਾਂ ਰਹਿੰਦੇ ਕਾਬੂ ਕਰ ਲਿਆ ਗਿਆ ਹੈ। ਇਸ ਖੇਤਰ ਦਾ ਅੱਜ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ (ਮਾਲ) ਸ੍ਰ. ਕੇ. ਬੀ. ਐੱਸ. ਸਿੱਧੂ ਨੇ ਜਾਇਜ਼ਾ ਲਿਆ ਅਤੇ ਰਾਹਤ ਕਾਰਜਾਂ ਬਾਰੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਤੋਂ ਜਾਣਕਾਰੀ ਲਈ। ਇਸ ਮੌਕੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਇਸ ਪਾੜ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਨਿੱਜੀ ਤੌਰ ‘ਤੇ ਭੇਜਿਆ ਹੈ ਅਤੇ ਹਦਾਇਤ ਕੀਤੀ ਹੈ ਕਿ ਇਸ ਮੁਸੀਬਤ ਦੀ ਘੜੀ ਵਿੱਚੋਂ ਲੋਕਾਂ ਨੂੰ ਕੱਢਣ ਲਈ ਫੌਰੀ ਕਦਮ ਉਠਾਏ ਜਾਣ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹੜ• ਵਰਗੀ ਸਥਿਤੀ ਦੇ ਚੱਲਦਿਆਂ ਇਸ ਨੂੰ ਕੁਦਰਤੀ ਕਰੋਪੀ ਐਲਾਨ ਦਿੱਤਾ ਹੈ ਅਤੇ ਫੌਰੀ ਤੌਰ ‘ਤੇ ਰਾਹਤ ਕਾਰਜਾਂ ਲਈ 100 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਹਨ। ਉਨਾਂ ਕਿਹਾ ਕਿ ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰਾਹਤ ਕਾਰਜਾਂ ਲਈ 1700 ਕਰੋੜ ਰੁਪਏ ਦੀ ਹੋਰ ਰਾਹਤ ਰਾਸ਼ੀ ਦੀ ਮੰਗ ਕੀਤੀ ਹੈ। ਸ੍ਰ. ਸਿੱਧੂ ਨੇ ਦੱਸਿਆ ਮੁੱਖ ਮੰਤਰੀ ਨੇ ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜੀਨੀਅਰਾਂ ਨੂੰ ਹੜ• ਤੋਂ ਬਚਾਅ ਕਾਰਜਾਂ ਲਈ 2 ਕਰੋੜ ਰੁਪਏ ਤੱਕ ਵਿੱਤੀ ਪ੍ਰਵਾਨਗੀ ਤੁਰੰਤ ਜਾਰੀ ਕਰ ਦਿੱਤੀ ਹੈ ਤਾਂ ਜੋ ਰਾਹਤ ਕਾਰਜਾਂ ਨੂੰ ਚਲਾਉਣ ਵਿੱਚ ਕਿਸੇ ਵੀ ਤਰਾਂ ਦੀ ਸਮੱਸਿਆ ਦਰਪੇਸ਼ ਨਾ ਆਵੇ। ਉਨਾਂ ਜ਼ਿਲਾ ਪ੍ਰਸਾਸ਼ਨ ਨੂੰ ਆਦੇਸ਼ ਦਿੱਤੇ ਕਿ ਰਾਹਤ ਕਾਰਜਾਂ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਮੁੱਠ ਨਾ ਵਰਤੀ ਜਾਵੇ। ਲੋਕਾਂ ਅਤੇ ਫ਼ਸਲਾਂ ਦੇ ਨੁਕਸਾਨ ਨੂੰ ਰੋਕਣ ਲਈ ਜੋ ਵੀ ਫੌਰੀ ਕਦਮ ਉਠਾਉਣ ਦੀ ਜ਼ਰੂਰਤ ਹੈ, ਉਹ ਤੁਰੰਤ ਉਠਾਏ ਜਾਣ। ਉਨਾਂ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਉਹ ਸਮੇਂ-ਸਮੇਂ ‘ਤੇ ਉਨਾਂ ਨੂੰ ਸਥਿਤੀ ਬਾਰੇ ਜਾਣੂ ਕਰਵਾਉਂਦੇ ਰਹਿਣ। ਇਸ ਮੌਕੇ ਉਨਾਂ ਕੂੰਮ ਕਲਾਂ, ਮਾਛੀਵਾੜਾ ਦੇ ਨਾਲ ਲੱਗਦੇ ਹੋਰ ਖੇਤਰਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਰਾਹਤ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਪਾੜ ਦੀ ਸੰਭਾਵਨਾ ਬਾਰੇ ਬੀਤੀ ਰਾਤ ਪਤਾ ਲੱਗਾ ਸੀ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਜ਼ਿਲਾ ਪ੍ਰਸਾਸ਼ਨ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਉਨਾਂ ਕਿਹਾ ਕਿ ਇਹ ਪਾੜ ਦਾ ਖੇਤਰ ਕਰੀਬ 60 ਫੀਟ ਬਣਦਾ ਹੈ। ਜਿਸ ਨੂੰ ਦਰੱਖ਼ਤਾਂ ਅਤੇ ਰੇਤੇ ਦੀਆਂ ਬੋਰੀਆਂ ਨਾਲ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਮਾਂ ਰਹਿੰਦੇ ਸ਼ੁਰੂ ਕੀਤੇ ਗਏ ਰਾਹਤ ਕਾਰਜਾਂ ਨਾਲ ਇਸ ਖੇਤਰ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਲਿਆ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸ੍ਰ. ਜਸਪਾਲ ਸਿੰਘ ਗਿੱਲ, ਐੱਸ. ਡੀ. ਐੱਮ. ਲੁਧਿਆਣ ਪੂਰਬੀ ਸ੍ਰ. ਅਮਰਜੀਤ ਸਿੰਘ ਬੈਂਸ, ਐੱਸ. ਡੀ. ਐੱਮ. ਖੰਨਾ ਸ੍ਰ. ਸੰਦੀਪ ਸਿੰਘ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *