ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 2 ਅਕਤੂਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ

Spread the love
  •  
  •  
  •  
  •  

-ਸਰਕਾਰੀ ਲਾਭਪਾਤਰੀ ਸਕੀਮਾਂ ਦਾ ਲਾਭ ਲੈਣ ਦਾ ਸੁਨਿਹਰਾ ਮੌਕਾ-ਡਿਪਟੀ ਕਮਿਸ਼ਨਰ
-2 ਅਕਤੂਬਰ ਨੂੰ ਜ਼ਿਲਾ ਅਤੇ ਸਬ ਡਵੀਜ਼ਨ ਪੱਧਰ ‘ਤੇ ਹੋਵੇਗਾ ‘ਸ਼ਾਂਤੀ ਮਾਰਚ’

ਲੁਧਿਆਣਾ,  ( ਹੇਮਰਾਜ ਜਿੰਦਲ )-ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 2 ਅਕਤੂਬਰ ਨੂੰ ਸ਼ਹਿਰ ਲੁਧਿਆਣਾ ਅਤੇ ਜ਼ਿਲੇ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨਾਂ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਨੂੰ ਯੋਗ ਪ੍ਰਾਰਥੀਆਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ। ਕੈਂਪਾਂ ਦੌਰਾਨ ਜਿੱਥੇ ਸਬੰਧਤ ਵਿਭਾਗਾਂ ਵੱਲੋਂ ਆਪਣੇ-ਆਪਣੇ ਸਟਾਲ ਲਗਾ ਕੇ ਪ੍ਰਾਰਥੀਆਂ ਦੇ ਬਿਨੇ ਪੱਤਰ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਗਾਂਧੀ ਜੈਅੰਤੀ ਮੌਕੇ ਸਵੇਰ ਵੇਲੇ ਜ਼ਿਲਾ ਪੱਧਰ ਅਤੇ ਹਰੇਕ ਸਬ ਡਵੀਜ਼ਨ ‘ਚ ‘ਸ਼ਾਂਤੀ ਮਾਰਚ’ ਵੀ ਕੀਤਾ ਜਾਵੇਗਾ। ਜਿਸ ‘ਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਕਲੱਬਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਸ਼ਮੂਲੀਅਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲਾ ਪੱਧਰੀ ਸਮਾਗਮ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਭਾਰਤ ਨਗਰ ਵਿਖੇ ਲਗਾਇਆ ਜਾਵੇਗਾ, ਜਿਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਮੁੱਖ ਮਹਿਮਾਨ ਵਜੋਂ ਪੁੱਜਣਗੇ। ਇਹ ਕੈਂਪ ਸਵੇਰੇ 10.00 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਜਗਰਾਂਉ ਅਤੇ ਖੰਨਾ ਵਿਖੇ ਕਰਵਾਏ ਜਾਣ ਵਾਲੇ ਸਬ ਡਵੀਜ਼ਨ ਪੱਧਰੀ ਕੈਂਪਾਂ ਵਿੱਚ ਕ੍ਰਮਵਾਰ ਪ੍ਰਬੰਧਕੀ ਸਕੱਤਰ ਸ੍ਰੀ ਆਰ. ਵੈਂਕਟਰਤਨਮ ਅਤੇ ਸ੍ਰੀ ਏ. ਵੇਣੂੰਪ੍ਰਸ਼ਾਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਬਾਕੀ ਸਬ ਡਵੀਜ਼ਨਾਂ ਵਿੱਚ ਵੀ ਅਜਿਹੇ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਨਾਂ ਕੈਂਪਾਂ ਦੌਰਾਨ ਮੁੱਖ ਮਹਿਮਾਨਾਂ ਵੱਲੋਂ ਕਿਸਾਨ ਕਰਜ਼ਾ ਰਾਹਤ ਯੋਜਨਾ, ਘਰ-ਘਰ ਰੋਜ਼ਗਾਰ ਯੋਜਨਾ, ਮਿਸ਼ਨ ਤੰਦਰੁਸਤ ਪੰਜਾਬ ਅਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਬਾਰੇ ਅਹਿਮ ਐਲਾਨ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਲਾਏ ਸਟਾਲਾਂ ‘ਤੇ ਲਾਭਪਾਤਰੀ ਸਕੀਮਾਂ ਦੇ ਫ਼ਾਰਮ ਭਰੇ ਜਾਣਗੇ। ਉਨਾਂ ਕਿਹਾ ਕਿ ਵਿਭਾਗੀ ਮੁਖੀਆਂ ਨੂੰ ਕੈਂਪ ਦੌਰਾਨ ਲੋੜੀਂਦੀ ਮਾਤਰਾ ਵਿਚ ਸਟੇਸ਼ਨਰੀ /ਫਾਰਮ ਤਿਆਰ ਰੱਖਣ ਲਈ ਆਖਿਆ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਜ਼ਿਲਾ ਖੁਰਾਕ ਤੇ ਸਪਲਾਈ ਵਿਭਾਗ ਵਲੋਂ ਆਟਾ-ਦਾਲ ਸਕੀਮ ਦੇ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਬੇਘਰਿਆਂ ਨੂੰ 5-5- ਮਰਲੇ ਦੇ ਪਲਾਟਾਂ ਲਈ, ਲੇਬਰ ਵਿਭਾਗ ਵਲੋਂ ਕੰਸਟਰਕਸ਼ਨ ਵਰਕਰਾਂ ਦੀ ਰਜਿਸਟ੍ਰੇਸ਼ਨ, ਭਲਾਈ ਵਿਭਾਗ ਵਲੋਂ ਅਸ਼ੀਰਵਾਦ (ਸ਼ਗਨ) ਸਕੀਮ ਸਬੰਧੀ, ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੇ ਆਤਮ ਹੱਤਿਆ ਦੇ ਮੁਆਵਜ਼ੇ ਦੇ, ਲੀਡ ਜ਼ਿਲਾ ਬੈਂਕ ਮੈਨੇਜਰ ਵਲੋਂ ਬੈਂਕ ਸਕੀਮਾਂ ਸਬੰਧੀ ਫਾਰਮ ਭਰੇ ਜਾਣਗੇ। ਇਸ ਤੋਂ ਇਲਾਵਾ ਮਗਨਰੇਗਾ ਤਹਿਤ ਜਾਬ ਕਾਰਡ ਵੀ ਬਣਾਏ ਜਾਣਗੇ। ਉਨਾਂ ਜ਼ਿਲੇ ਦੇ ਲੋੜਵੰਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਮੈਗਾ ਕੈਂਪਾਂ ਵਿਚ ਪਹੁੰਚ ਕੇ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਫਾਰਮ ਭਰਨ। ਉਨਾਂ ਦੱਸਿਆ ਕਿ ਸਕੀਮ ਦਾ ਲਾਭ ਸਕੀਮ ਲਈ ਸਰਕਾਰ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਹੀ ਮਿਲੇਗਾ।ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਕਰਜ਼ੇ ਦੀ ਮਾਰ ਹੇਠ ਆਉਂਦੇ ਕਿਸਾਨ, ਅਜਿਹੇ ਪਰਿਵਾਰ ਜਿਸ ਦੇ ਮੈਂਬਰ ਗੰਭੀਰ ਬਿਮਾਰੀ ਜਿੰਨਾਂ ਵਿਚ ਏਡਜ਼, ਕੈਂਸਰ ਆਦਿ ਤੋਂ ਪੀੜਤ, ਔਰਤ ਮੁਖੀਆ ਪਰਿਵਾਰ, ਉਹ ਪਰਿਵਾਰ ਜਿੰਨਾਂ ਨੇ ਇਕ ਮਾਤਰ ਕਮਾਊ ਜੀਅ ਗਵਾਇਆ ਹੋਵੇ, ਜੰਗ ਵਿਚ ਆਪਣੀ ਜਾਨ ਗਵਾ ਚੁੱਕੇ ਫੌਜੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ, ਬੇ-ਘਰ ਪਰਿਵਾਰ, ਸਕੂਲੋਂ ਵਿਰਵੇਂ ਅਤੇ ਕੁਪੋਸ਼ਣ ਦਾ ਸ਼ਿਕਾਰ ਬੱਚੇ, ਅਪਾਹਜ ਅਤੇ ਮੰਦਬੁੱਧੀ ਵਾਲੇ ਲੋਕਾਂ ਦੇ ਪਰਿਵਾਰ, ਨਸ਼ੇ ਤੋਂ ਪੀੜਿਤ ਜਾਂ ਬਜ਼ੁਰਗ ਲੋਕ ਜਿੰਨਾਂ ਨੂੰ ਪਰਿਵਾਰ  ਜਾਂ ਸਮਾਜ ਦਾ ਕੋਈ ਸਹਾਰਾ ਨਹੀਂ, 18 ਸਾਲ ਦੀ ਉਮਰ ਤੋਂ ਉਪਰ ਬੇਰੋਜ਼ਗਾਰ ਨੌਜਵਾਨ, ਝੁੱਗੀ ਝੌਂਪੜੀ ਵਿਚ ਰਹਿ ਰਹੇ ਅਤੇ ਕੁਦਰਤੀ ਆਫਤਾਂ ਤੇ ਦੁਰਘਟਨਾਂ ਦੇ ਸ਼ਿਕਾਰ ਪਰਿਵਾਰ, ਤੇਜ਼ਾਬੀ ਹਮਲੇ ਦੇ ਸ਼ਿਕਾਰ, ਹੱਥਾਂ ਨਾਲ ਮੈਲਾ ਢੋਹਣ ਵਾਲੇ ਤੇ ਸੈਨੀਟਰੀ ਵਰਕਰ ਅਤੇ ਅਨਾਥ, ਤੀਜੇ ਲਿੰਗ ਤੇ ਭਿਖਾਰੀ ਆਦਿ ਨੂੰ ਵੀ ਖਾਸ ਤਵੱਜੋਂ ਦਿਤੀ ਜਾਣੀ ਹੈ। 


Spread the love
  •  
  •  
  •  
  •