ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਦਿਵਾਈ ਜਾਵੇਗੀ-ਰਵਨੀਤ ਸਿੰਘ ਬਿੱਟੂ

Spread the love
  •  
  •  
  •  
  •  

ਲੁਧਿਆਣਾ, ( ਸੰਜੇ ਮਿੰਕਾ )-ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਦਿਵਾਉਣ ਲਈ ਯਤਨ ਕੀਤੇ ਜਾਣਗੇ, ਤਾਂ ਜੋ ਭਾਈ ਜੀ ਵੱਲੋਂ ਦਿੱਤੇ ‘ਮਾਨਵਤਾ ਦੀ ਸੇਵਾ’ ਦੇ ਸੰਕਲਪ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾ ਸਕੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉਨਾਂ ਅੱਜ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਭਾਈ ਘਨਹਾਈ ਜੀ ਦੀ ਯਾਦ ਵਿੱਚ ਮਨਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ। ‘ਮਾਨਵ ਸੇਵਾ ਦਿਵਸ’ ਵਜੋਂ ਮਨਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਜੇਕਰ ਸਿੱਖ ਧਰਮ ਦੀ ਅਮੀਰੀ ਦੀ ਗੱਲ ਕੀਤੀ ਜਾਵੇ ਤਾਂ ਭਾਈ ਘਨਹਾਈ ਜੀ ਵੱਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਕਾਰਜ ਸਭ ਤੋਂ ਪਹਿਲਾਂ ਆਉਂਦੇ ਹਨ। ਮਾਨਵਤਾ ਦੀ ਸੇਵਾ ਦੇ ਰਾਹ ‘ਤੇ ਚੱਲਣ ਲਈ ਦੁਨਿਆਵੀ ਸੁੱਖ ਸਹੂਲਤਾਂ ਅਤੇ ਐਸ਼ੋ ਆਰਾਮ ਦਾ ਤਿਆਗ ਵੀ ਕਰਨਾ ਪੈਂਦਾ ਹੈ। ਭਾਈ ਜੀ ਨੇ ਜਿੱਥੇ ਖੁਦ ਤਿੰਨ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੌਰਾਨ ਲੋਕਾਈ ਦੀ ਭਲਾਈ ਲਈ ਆਪਣੇ ਹੱਥੀਂ ਕਾਰਜ ਕੀਤੇ। ਉਥੇ ਉਨਾਂ ਦੇ ਪੁਰਖ਼ਿਆਂ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੋਕ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਇਆ। ਸ੍ਰ. ਬਿੱਟੂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਰਾਹੀਂ ਕੋਸ਼ਿਸ਼ ਕਰਨਗੇ ਕਿ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਹ ਮਾਨਤਾ ਦਿਵਾਈ ਜਾਵੇ, ਜਿਸ ਦੇ ਉਹ ਅਸਲ ਹੱਕਦਾਰ ਹਨ। ਇਸ ਸੰਬੰਧੀ ਉਹ ਕੇਂਦਰ ਸਰਕਾਰ ਨਾਲ ਗੱਲ ਕਰਨ ਦੇ ਨਾਲ-ਨਾਲ ਲੋਕ ਸਭਾ ਵਿੱਚ ਵੀ ਇਹ ਮੁੱਦਾ ਜ਼ੋਰ ਨਾਲ ਉਠਾਉਣਗੇ। ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਮਾਜ ਵਿੱਚੋਂ ਰੰਗ ਭੇਦ ਅਤੇ ਨਸਲਵਾਦ ਦਾ ਪਾੜਾ ਖ਼ਤਮ ਕਰਨ ਲਈ ਨੌਜਵਾਨ ਅੱਗੇ ਆਉਣ। ਉਹ ਭਾਈ ਘਨੱਈਆ ਜੀ ਵੱਲੋਂ ਦਿੱਤੇ ‘ਮਾਨਵਤਾ ਦੀ ਸੇਵਾ’ ਦੇ ਸੰਕਲਪ ਨੂੰ ਅਪਣਾ ਕੇ ਇਸ ਪਾੜੇ ਨੂੰ ਆਸਾਨੀ ਨਾਲ ਖ਼ਤਮ ਕਰ ਸਕਦੇ ਹਨ। ਉਨਾਂ ਭਰੋਸਾ ਦਿੱਤਾ ਕਿ ਉਹ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ਲੋਕਾਂ ਤੱਕ ਲਿਜਾਣ ਅਤੇ ਉਨਾਂ ਨੂੰ ਮਾਨਤਾ ਦਿਵਾਉਣ ਲਈ ਕੈਬਨਿਟ ਵਿੱਚ ਗੱਲ ਰੱਖਣਗੇ ਅਤੇ ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਤੌਰ ‘ਤੇ ਗੱਲ ਕਰਨਗੇ। ਉਨਾਂ ਕਿਹਾ ਕਿ ਰੈੱਡ ਕਰਾਸ ਦੇ ਅਸਲ ਜਨਮ ਦਾਤਾ ਭਾਈ ਘਨੱਈਆ ਜੀ ਹੀ ਸਨ। ਸਮਾਗਮ ਨੂੰ ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਭਾਈ ਘਨੱਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਵੀ ਸੰਬੋਧਨ ਕੀਤਾ। ਕਾਲਜ ਪ੍ਰਿੰਸੀਪਲ ਸ੍ਰੀਮਤੀ ਸਰਿਤਾ ਰਾਣੀ ਸ਼ਰਮਾ ਨੇ ਸਵਾਗਤੀ ਸ਼ਬਦ ਕਹੇ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਜਪਨੀਤ ਕੌਰ, ਵੰਸ਼ਿਕਾ ਅਤੇ ਕਾਰਤਿਕਾ ਨੇ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਕਵਿਤਾਵਾਂ ਅਤੇ ਜੀਵਨੀ ਦੇ ਅੰਸ਼ ਪੇਸ਼ ਕੀਤੇ। ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਬਲਵੀਰ ਐਰੀ ਨੇ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਸ੍ਰੀ ਆਸ਼ੂ ਅਤੇ ਸ੍ਰ. ਬਿੱਟੂ ਨੇ ਖੂਨਦਾਨ ਕੈਂਪ ਅਤੇ ਮੁੱਢਲੀ ਸਹਾਇਤਾ ਟਰੇਨਿੰਗ ਵਰਕਸ਼ਾਪ ਦਾ ਉਦਘਾਟਨ ਵੀ ਕੀਤਾ। ਕੈਂਪ ਦੌਰਾਨ 45 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ ਸ਼ਿਮਲਾਪੁਰੀ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸ੍ਰੀ ਅਜੇ ਸੂਦ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਕਨੂੰ ਗਰਗ, ਸ੍ਰ. ਜਰਨੈਲ ਸਿੰਘ ਸ਼ਿਮਲਾਪੁਰੀ, ਸ੍ਰ. ਤਰਨਜੀਤ ਸਿੰਘ ਨਿਮਾਣਾ, ਸ੍ਰ. ਰਣਜੀਤ ਸਿੰਘ ਵਿਰਕ, ਸ੍ਰ. ਸੁਰਿੰਦਰ ਸਿੰਘ ਬਿੱਟੂ, ਸ੍ਰ. ਹਰਸਿਮਰਨ ਸਿੰਘ ਮਾਨ, ਸ੍ਰ. ਨਿਰੰਜਣ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ। 


Spread the love
  •  
  •  
  •  
  •