ਪੱਖੋਵਾਲ ਸੜਕ ‘ਤੇ ਰੇਲਵੇ ਓਵਰਬ੍ਰਿਜ ਅਤੇ ਦੋ ਜ਼ਮੀਨਦੋਜ਼ ਪੁੱਲਾਂ ਦਾ ਕੰਮ ਸੋਮਵਾਰ ਤੋਂ ਹੋਵੇਗਾ ਸ਼ੁਰੂ

-ਸਮਾਰਟ ਸਿਟੀ ਪ੍ਰੋਜੈਕਟ ਅਧੀਨ ਜਾਰੀ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਜਾਇਜ਼ਾ
-ਸਮਾਰਟ ਟੁਆਇਲਿਟਸ ਅਤੇ ਲਈਯਰ ਵੈਲੀ ਦਾ ਦੌਰਾ, ਹਦਾਇਤਾਂ ਜਾਰੀ


ਲੁਧਿਆਣਾ, ( ਸੰਜੇ ਮਿੰਕਾ )-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਪੱਖੋਵਾਲ ਸੜਕ ‘ਤੇ ਬਣਨ ਵਾਲੇ ਰੇਲਵੇ ਓਵਰਬ੍ਰਿਜ ਅਤੇ ਦੋ ਜ਼ਮੀਨਦੋਜ ਪੁੱਲਾਂ ਦਾ ਨਿਰਮਾਣ ਕੰਮ ਸੋਮਵਾਰ (24 ਜੂਨ) ਤੋਂ ਸ਼ੁਰੂ ਹੋ ਜਾਵੇਗਾ। ਕੁੱਲ 120 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਦਾ ਵੱਡੇ ਪੱਧਰ ‘ਤੇ ਹੱਲ ਹੋਵੇਗਾ। ਅੱਜ ਨਗਰ ਨਿਗਮ ਲੁਧਿਆਣਾ ਦੇ ਸਥਾਨਕ ਜ਼ੋਨ-ਡੀ ਦਫ਼ਤਰ ਵਿਖੇ ਸਮਾਰਟ ਸਿਟੀ ਪ੍ਰੋਜੈਕਟ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਉਕਤ ਪੁੱਲਾਂ ਤੋਂ ਇਲਾਵਾ ਰੋਟਰੀ ਕਲੱਬ ਸੜਕ ਨੂੰ ਸਮਾਰਟ ਸੜਕ ਵਜੋਂ ਵਿਕਸਤ ਕਰਨਾ ਵੀ ਸ਼ਾਮਿਲ ਹੈ।  ਉਨਾਂ ਕਿਹਾ ਕਿ ਰੇਲਵੇ ਓਵਰਬ੍ਰਿਜ ਦੀ ਲੰਬਾਈ 839.83 ਮੀਟਰ (ਸਿੱਧਵਾਂ ਨਹਿਰ ਤੋਂ ਹੀਰੋ ਬੇਕਰੀ ਚੌਕ) ਹੋਵੇਗੀ। ਪੱਖੋਵਾਲ ਸੜਕ ਦੇ ਨਾਲ-ਨਾਲ ਬਣਨ ਵਾਲੇ ਜ਼ਮੀਨਦੋਜ਼ ਪੁੱਲਾਂ ਤਹਿਤ ਹੀਰੋ ਬੇਕਰੀ ਚੌਕ ਤੋਂ ਸਿੱਧਵਾਂ ਨਹਿਰ ਤੱਕ ਦੇ ਪੁੱਲ ਦੀ ਲੰਬਾਈ 458.20 ਮੀਟਰ ਅਤੇ ਇਸ਼ਮੀਤ ਸੜਕ ਤੋਂ ਰੋਟਰੀ ਕਲੱਬ ਰੋਡ ਅਤੇ ਫਿਰੋਜ਼ਪੁਰ ਸੜਕ ਅਤੇ ਇਸ਼ਮੀਤ ਸੜਕ ਤੋਂ ਪੱਖੋਵਾਲ ਸੜਕ ਤੱਕ ਦੀ ਲੰਬਾਈ 1018.46 ਹੋਵੇਗੀ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਵੇਗਾ ਕਿਉਂਕਿ ਇਸ ਦੇ ਮੁਕੰਮਲ ਹੋਣ ਨਾਲ ਇਸ ਇਲਾਕੇ ਵਿੱਚ ਆਵਾਜਾਈ ਦੀ ਸਮੱਸਿਆ ਕਾਫੀ ਵੱਡੇ ਪੱਧਰ ‘ਤੇ ਘੱਟ ਹੋ ਜਾਵੇਗੀ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਉਨਾਂ ਮਹੱਤਵਪੂਰਨ ਵਾਅਦਿਆਂ ਵਿੱਚੋਂ ਇੱਕ ਹੈ, ਜੋ ਉਨਾਂ ਨੇ ਹਲਕਾ ਲੁਧਿਆਣਾ (ਪੱਛਮੀ) ਵਾਸੀਆਂ ਨਾਲ ਕੀਤੇ ਸਨ। ਇਸ ਪ੍ਰੋਜੈਕਟ ਨੂੰ ਉਹ ਖੁਦ ਸੁਪਰਵਾਈਜ਼ ਕਰਨਗੇ। ਉਨਾਂ ਕਿਹਾ ਕਿ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਦੇ ਟੈਂਡਰ 28 ਜੂਨ ਨੂੰ ਖੁੱਲ•ਣ ਜਾ ਰਹੇ ਹਨ, ਜਿਸ ਦਾ ਕੰਮ ਵੀ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਪਹਿਲੇ ਗੇੜ ਤਹਿਤ 1.15 ਕਿਲੋਮੀਟਰ (ਪੱਖੋਵਾਲ ਸੜਕ ਤੋਂ ਜ਼ੋਨ ਡੀ ਦਫ਼ਤਰ ਫਿਰੋਜ਼ਪੁਰ ਸੜਕ) ਖੇਤਰ ਵਿੱਚ ਨਹਿਰ ਦੀ ਲੈਂਡਸਕੇਪਿੰਗ ਕੀਤੀ ਜਾਵੇਗੀ। ਇਸ ਪ੍ਰੌਜੈਕਟ ਤਹਿਤ ਪਹਿਲੇ ਗੇੜ ਵਿੱਚ ਇਥੇ ਗਰੀਨ ਬੈੱਲਟ, ਸਾਈਕਲਿੰਗ ਟਰੈਕ, ਪਲੇਇੰਗ ਜ਼ੋਨ, ਨਹਿਰ ਦੇ ਨਾਲ ਫੁੱਟਪਾਥ, ਬੈਠਣ ਲਈ ਵਿਸ਼ੇਸ਼ ਥਾਂ, ਕੰਧ ‘ਤੇ ਚੜਨ ਵਾਲੀਆਂ ਗਤੀਵਿਧੀਆਂ ਆਦਿ ਸ਼ਾਮਿਲ ਹੋਣਗੀਆਂ। ਦੂਜੇ ਗੇੜ ਵਿੱਚ ਪੱਖੋਵਾਲ ਸੜਕ ਤੋਂ ਲੈ ਕੇ ਦੁੱਗਰੀ ਸੜਕ ਤੱਕ ਕੰਮ ਕੀਤਾ ਜਾਵੇਗਾ। ਇਥੇ ਵੀ ਗਰੀਨ ਬੈੱਲਟ, ਨਹਿਰ ਦੇ ਦੋਵੇਂ ਪਾਸੇ ਸਾਈਕਲਿੰਗ ਟਰੈਕ ਸਥਾਪਤ ਕੀਤਾ ਜਾਵੇਗਾ। ਮੀਟਿੰਗ ਉਪਰੰਤ ਉਨਾਂ ਨੇ ਲਈਯਰ ਵੈਲੀ ਵਿਖੇ ਬਣਾਏ ਗਏ ਸਮਾਰਟ ਟੁਆਇਲਿਟਸ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਪੂਰੇ ਸ਼ਹਿਰ ਵਿੱਚ 15 ਸਮਾਰਟ ਟੁਆਇਲਟਸ ਤਿਆਰ ਕੀਤੇ ਜਾ ਰਹੇ ਹਨ। ਜਿਨਾਂ ਵਿੱਚੋਂ 14 ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਟੁਆਇਲਿਟਸ ਐੱਲ.ਈ. ਡੀ. ਲਾਈਟਾਂ, ਸੋਲਰ ਸਿਸਟਮ, ਸਟੇਨਲੈੱਸ ਸਟੀਲ ਯੁਕਤ ਹੋਣਗੇ, ਜਿਨਾਂ ਨੂੰ ਸਾਫ ਰੱਖਣ ਵਿੱਚ ਅਸਾਨੀ ਹੋਵੇਗੀ। ਉਨਾਂ ਕਿਹਾ ਕਿ 25 ਹੋਰ ਪਖ਼ਾਨੇ ਵੀ ਤਿਆਰ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪਿੰਡ ਜੈਨਪੁਰ ਸਥਿਤ ਖਾਲੀ ਸਥਾਨ ‘ਤੇ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰ ਦਾ ਖੇਡ ਸਟੇਡੀਅਮ ਉਸਾਰਿਆ ਜਾਵੇਗਾ। ਇਸ ਸੰਬੰਧੀ ਸਰਵੇ ਹੋ ਚੁੱਕਾ ਹੈ ਕਿ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ 16 ਸਕੂਲਾਂ ‘ਤੇ ਸੋਲਰ ਪੈਨਲ ਲਗਾਏ ਜਾ ਰਹੇ ਹਨ। ਇਹ ਸਕੂਲ ਪੂਰੀ ਤਰਾਂ ਸੂਰਜੀ ਊਰਜਾ ‘ਤੇ ਨਿਰਭਰ ਕੀਤੇ ਜਾਣਗੇ। ਇਸ ਮੌਕੇ ਉਨਾਂ ਸੇਫ਼ ਸਿਟੀ ਪ੍ਰੋਜੈਕਟ ਤਹਿਤ ਜ਼ੋਨ-ਡੀ ਦਫ਼ਤਰ ਵਿਖੇ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ, ਜਿੱਥੇ ਕਿ ਸ਼ਹਿਰ ਵਿੱਚ ਲੱਗ ਰਹੇ ਸਾਰੇ ਕੈਮਰਿਆਂ ਦੀ ਫੀਡ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਐੱਲ. ਈ. ਡੀ. ਲਾਈਟਾਂ ਦਾ ਕੰਟਰੋਲ ਵੀ ਇਸੇ ਸੈਂਟਰ ਵਿਖੇ ਹੋਵੇਗਾ। ਉਨਾਂ ਦੱਸਿਆ ਕਿ ਆਗਾਮੀ ਦੀਵਾਲੀ ਤੱਕ ਪੂਰਾ ਲੁਧਿਆਣਾ ਸ਼ਹਿਰ ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਉਣ ਲੱਗੇਗਾ। ਇਸ ਸੰਬੰਧੀ 45 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਜਦਕਿ ਬਾਕੀ ਰਹਿੰਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਨਗਰ ਨਿਗਮ ਨੂੰ ਇਕੱਲਿਆਂ ਸਟਰੀਟ ਲਾਈਟਾਂ ਤੋਂ 3 ਕਰੋੜ ਰੁਪਏ ਪ੍ਰਤੀ ਮਹੀਨਾ ਬਿੱਲ ਆਉਂਦਾ ਹੈ। ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਇਹ ਖ਼ਰਚਾ ਕਰੀਬ 85 ਲੱਖ ਰੁਪਏ ਪ੍ਰਤੀ ਮਹੀਨਾ ਰਹਿ ਜਾਵੇਗਾ। ਬਿਜਲੀ ਅਤੇ ਇਸ ਮੁਰੰਮਤ ਆਦਿ ‘ਤੇ ਨਗਰ ਨਿਗਮ ਵੱਲੋਂ ਜੋ ਸਾਲਾਨਾ 36 ਕਰੋੜ ਰੁਪਏ ਖਰਚੇ ਜਾਂਦੇ ਹਨ, ਉਹ ਘੱਟ ਕੇ 10 ਕਰੋੜ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਸਾਲਾਨਾ 26 ਕਰੋੜ ਰੁਪਏ ਦੀ ਬਚਤ ਹੋਵੇਗੀ। ਕੰਪਨੀ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਸ ਪ੍ਰੋਜੈਕਟ ਨੂੰ ਅਗਲੇ ਤਿੰਨ ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਮੀਟਿੰਗ ਦੌਰਾਨ ਸ੍ਰੀ ਆਸ਼ੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਜੋ ਵੀ ਵਿਕਾਸ ਕਾਰਜ ਚਲਾਏ ਜਾ ਰਹੇ ਹਨ, ਉਨਾਂ ਬਾਰੇ ਸੰਬੰਧਤ ਵਿਧਾਇਕਾਂ ਅਤੇ ਕੌਂਸਲਰਾਂ ਨੂੰ ਭਰੋਸੇ ਵਿੱਚ ਜ਼ਰੂਰ ਲੈਣ। ਸ੍ਰੀ ਆਸ਼ੂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਵਿਕਾਸ ਕਾਰਜਾਂ ਦੇ ਬਹਾਨੇ ਕਿਸੇ ਵੀ ਗਰੀਨ ਬੈੱਲਟ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਸ੍ਰੀ ਆਸ਼ੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ 250 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ ਸਹੂਲਤ ਦਾ ਨਵੀਨੀਕਰਨ ਕਰਨ ਅਤੇ ਸਿਟੀ ਬੱਸ ਸਰਵਿਸ ਨੂੰ ਹੋਰ ਬੇਹਤਰ ਤਰੀਕੇ ਨਾਲ ਚਲਾਉਣ ਲਈ ਵਿਚਾਰ ਕਰਨ ਲਈ ਵੱਖਰੇ ਤੌਰ ‘ਤੇ ਮੀਟਿੰਗ ਰੱਖੀ ਜਾਵੇ। ਇਸ ਮੌਕੇ ਉਨਾਂ ਸਥਾਨਕ ਸੰਤ ਨਗਰ ਵਿਖੇ ਸੀਵਰੇਜ ਦੀ ਸਫਾਈ ਦੇ ਕੰਮ ਦਾ ਵੀ ਜਾਇਜ਼ਾ ਲਿਆ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਨਗਰ ਨਿਗਮ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਵਧੀਕ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *