ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਲੁਧਿਆਣਾ ਪੁਲਿਸ ਦੇ ਵਿਮੈਨ ਸੈੱਲ ਦੀ ਸ਼ਲਾਘਾ

Spread the love

-ਐੱਫ. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਸੁਲਾਹ ਸਫਾਈ ਵਾਲੇ ਮਾਮਲੇ ਕਮਿਸ਼ਨ ਕੋਲ ਭੇਜਣ ਬਾਰੇ ਕਿਹਾ
ਲੁਧਿਆਣਾ, ( ਹੇਮਰਾਜ ਜਿੰਦਲ ) – ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਵਿਮੈਨ ਸੈੱਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਪਰਿਵਾਰ ਨੂੰ ਪਿਆਰ ਅਤੇ ਮਿਲਵਰਤਣ ਨਾਲ ਰਹਿਣਾ ਚਾਹੀਦਾ ਹੈ। ਉਹ ਅੱਜ ਲੁਧਿਆਣਾ ਪੁਲਿਸ ਦੇ ਵਿਮੈਨ ਸੈੱਲ ਵੱਲੋਂ ਪੁਲਿਸ ਲਾਈਨਜ਼ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸ਼ਹਿਰ ਵਿੱਚ ਸਨ। ਇਸ ਸਮਾਗਮ ਵਿੱਚ 250 ਦੇ ਕਰੀਬ ਓਨ੍ਹਾਂ ਜੋੜਿਆਂ ਵੱਲੋਂ ਸ਼ਿਰਕਤ ਕੀਤੀ ਗੱਈ ਜਿਨ੍ਹਾਂ ਦੇ ਵਿਮੈਨ ਸੈੱਲ ਵੱਲੋ ਰਾਜੀਨਾਮੇ ਕਰਵਾਏ ਗਏ। ਇਸ ਮੌਕੇ ਕਮਿਸ਼ਨਰ ਪੁਲਿਸ ਸ੍ਰੀ ਰਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਜਗਜੀਤ ਸਿੰਘ ਸਰੋਏ, ਸਹਾਇਕ ਕਮਿਸ਼ਨਰ ਪੁਲਿਸ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਲੁਧਿਆਣਾ ਦੇ ਵਿਮੈਨ ਸੈੱਲ ਦੀ ਕਾਰਗੁਜ਼ਾਰੀ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸੈੱਲ ਵੱਲੋਂ ਪਿਛਲੇ ਸਾਲ ਅਜਿਹੇ 4000 ਮਾਮਲੇ ਸੁਲਝਾਏ ਗਏ, ਜਦਕਿ ਸਿਰਫ਼ 151 ਮਾਮਲੇ ਹੀ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਲੁਧਿਆਣਾ ਪੁਲਿਸ ਇਸ ਦਿਸ਼ਾ ਵਿੱਚ ਬਹੁਤ ਹੀ ਜਿੰਮੇਵਾਰੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਵੱਲੋਂ ਸੁਲਾਹ ਸਫ਼ਾਈ ਲਈ 41 ਕਾਊਂਸਲਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮਕਸਦ ਹੈ ਕਿ ਵਿਆਹੁਤਾ ਰਿਸ਼ਤਿਆਂ ਨਾਲ ਸੰਬੰਧਤ ਮਾਮਲਿਆਂ ਨੂੰ ਆਪਸੀ ਸੁਲਾਹ ਸਫਾਈ ਨਾਲ ਸੁਲਝਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਅਧਿਕਾਰੀ ਜਦੋਂ ਕਿਸੇ ਮਾਮਲੇ ਵਿੱਚ ਸੁਲਾਹ ਸਫਾਈ ਕਰਾਉਣ ਤੋਂ ਅਸਮਰੱਥ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਮਾਮਲਾ ਦਰਜ ਕਰਨ ਤੋਂ ਪਹਿਲਾਂ ਅਜਿਹੇ ਕੇਸ ਕਮਿਸ਼ਨ ਕੋਲ ਭੇਜਣੇ ਚਾਹੀਦੇ ਹਨ ਤਾਂ ਜੋ ਕਮਿਸ਼ਨ ਵੱਲੋਂ ਸੁਲਾਹ ਸਫਾਈ ਨਾਲ ਅਜਿਹੇ ਕੇਸ ਹੱਲ ਕਰਾਉਣ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਬੀਤੇ ਦਿਨੀਂ ਅਜਿਹੇ ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ 40 ਮਾਮਲੇ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 7 ਮਾਮਲਿਆਂ ਦਾ ਆਪਸੀ ਸੁਲਾਹ ਸਫਾਈ ਨਾਲ ਫੈਸਲਾ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਇੱਛਾ ਹੁੰਦੀ ਹੈ ਕਿ ਅਜਿਹੇ ਵੱਧ ਤੋਂ ਵੱਧ ਕੇਸਾਂ ਨਾਲ ਸੁਲਾਹ ਸਫਾਈ ਨਾਲ ਸੁਲਝਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਿਆਦਾਤਰ ਮਾਮਲਿਆਂ ਵਿੱਚ ਪਤੀ ਪਤਨੀ ਦੀ ਆਪਸੀ ਈਗੋ ਕਾਰਨ ਹੀ ਮਸਲੇ ਉਲਝ ਜਾਂਦੇ ਹਨ। ਪਤੀ ਪਤਨੀ ਦੀ ਆਪਸੀ ਸਮਝਦਾਰੀ ਨਾਲ ਹੀ ਕਈ ਮਾਮਲੇ ਸੁਲਝ ਸਕਦੇ ਹਨ।

Leave a Reply

Your email address will not be published. Required fields are marked *