ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਵੱਲੋਂ ਪਿੰਡ ਕਾਲਖ਼ ਦਾ ਦੌਰਾ

Spread the love
  •  
  •  
  •  
  •  

-ਸੰਬੰਧਤ ਅਧਿਕਾਰੀਆਂ ਨੂੰ ਤੈਅ ਸਮਾਂ ਸੀਮਾ ਵਿੱਚ ਰਿਪੋਰਟ ਪੇਸ਼ ਕਰਨ ਦੀ ਹਦਾਇਤ
ਲੁਧਿਆਣਾ,( ਹੇਮਰਾਜ ਜਿੰਦਲ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਸ਼੍ਰੀ ਗਿਆਨ ਚੰਦ ਅਤੇ ਸ਼੍ਰੀ ਪ੍ਰਭਦਿਆਲ ਵੱਲੋਂ ਪਿੰਡ ਕਾਲਖ ਦਾ ਦੌਰਾ ਕੀਤਾ ਗਿਆ। ਉਨਾਂ ਕਮਲਜੀਤ ਸਿੰਘ ਪੁੱਤਰ ਸ਼੍ਰੀ ਗੁਰਚਰਨ ਸਿੰਘ ਵਾਸੀ ਕਾਲਖ, ਤਹਿਸੀਲ ਅਤੇ ਜ਼ਿਲਾ ਲੁਧਿਆਣਾ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਪਾਈ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਮੌਕੇ ‘ਤੇ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਕਮਲਜੀਤ ਸਿੰਘ ਨੇ ਸਰਪੰਚ ਰਣਧੀਰ ਕੌਰ ਅਤੇ ਸੰਬੰਧਤ ਬੀ.ਡੀ.ਪੀ.ਓ. ‘ਤੇ ਖੱਜਲ ਖੁਆਰ ਅਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਸੀ। ਕਮਲਜੀਤ ਸਿੰਘ ਨੇ ਕਿਹਾ ਕਿ ਸਰਪੰਚ ਰਣਧੀਰ ਕੌਰ ਵੱਲੋਂ ਨਰੇਗਾ ਅਧੀਨ ਚੱਲ ਰਹੇ ਕੰਮ ਦੌਰਾਨ ਉਨਾਂ ਦੇ ਘਰ ਕੋਲ ਨਵੀਂ ਬਣਾਈ ਗਈ ਬਸਤੀ ਦੇ ਗੰਦੇ ਪਾਣੀ ਦੇ ਨਿਕਾਸ ਲਈ ਜੋ ਨਾਲੀ ਬਣਾਈ ਗਈ ਹੈ, ਉਹ ਜਾਣ ਬੁੱਝ ਕੇ ਨੀਵੀਂ ਕਰ ਦਿੱਤੀ ਗਈ, ਜਿਸ ਕਰਕੇ ਉਨਾਂ ਦੇ ਘਰ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ। ਕਮਲਜੀਤ ਸਿੰਘ ਨੇ ਇੱਕ ਹੋਰ ਜਗਾ ਦਾ ਜ਼ਿਕਰ ਕਰਦੇ ਕਿਹਾ ਕਿ ਪੰਚਾਇਤ ਵੱਲੋਂ ਉਨਾਂ ਦੇ ਘਰ ਅੱਗੇ ਗਲੀ ਪੁੱਟਿਆਂ ਤਕਰੀਬਨ ਸਾਲ ਤੋਂ ਉੱਪਰ ਹੋ ਚੁੱਕਾ ਹੈ ਅਤੇ ਸਰਪੰਚ ਵੱਲੋਂ ਉਨਾਂ ਦੇ ਘਰ ਅੱਗੇ ਗਲੀ ਨਹੀਂ ਬਣਾਈ ਗਈ ਜਦ ਕਿ ਬਾਕੀ ਸਾਰੀ ਗਲੀ ਪੱਕੀ ਬਣੀ ਹੋਈ ਹੈ। ਉਨਾਂ ਕਿਹਾ ਕਿ ਮੀਂਹ/ਬਰਸਾਤਾਂ ਦੇ ਸਮੇਂ ਵਿੱਚ ਉਨਾਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸ ਨਾਲ ਉਨਾਂ ਦਾ ਕਿਸੇ ਵੀ ਸਮੇਂ ਜਾਨੀ ਨੁਕਸਾਨ ਹੋ ਸਕਦਾ ਹੈ। ਕਮਲਜੀਤ ਸਿੰਘ ਵੱਲੋਂ ਵੱਖ-ਵੱਖ ਤਰਾਂ ਦੀਆਂ ਤਿੰਨ ਥਾਵਾਂ ਦਾ ਜ਼ਿਕਰ ਕੀਤਾ, ਜਿੱਥੇ ਉਨਾਂ ਦੇ ਘਰ ਅੱਗੇ ਪਾਣੀ ਖੜ ਹੋ ਜਾਂਦਾ ਸੀ ਜਿਸ ਨਾਲ ਉਨਾਂ ਨੂੰ ਜਾਣ-ਆਉਣ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।  ਇਸ ਸ਼ਿਕਾਇਤ ਦਾ ਮੌਕੇ ‘ਤੇ ਜਾਇਜ਼ਾ ਲੈਣ ਉਪਰੰਤ ਮੈਂਬਰ ਸ਼੍ਰੀ ਗਿਆਨ ਚੰਦ ਨੇ ਮੌਕੇ ‘ਤੇ ਸ਼੍ਰੀ ਕਮਲਜੀਤ ਸਿੰਘ ਦੀ ਸ਼ਿਕਾਇਤ ਦੇ ਤਿੰਨੇ ਪੁਆਇੰਟਾਂ ਨੂੰ ਸਹੀ ਮੰਨਿਆਂ ਅਤੇ ਮੌਕੇ ‘ਤੇ ਪੰਚਾਇਤ ਦੇ ਅਧਿਕਾਰੀਆਂ ਅਤੇ ਸਰਪੰਚ ਨੂੰ ਆਦੇਸ਼ ਦਿੱਤਾ ਕਿ ਤਿੰਨੇ ਪੁਆਇੰਟਾਂ ਨੂੰ ਠੀਕ ਕਰਕੇ 8 ਅਪ੍ਰੈਲ ਤੱਕ ਆਪਣੀ ਰਿਪੋਰਟ ਕਮਿਸ਼ਨ ਨੂੰ ਪੇਸ਼ ਕਰਨ। ਉਨਾਂ ਕਿਹਾ ਕਿ ਜਿੱਥੇ ਕਮਲਜੀਤ ਸਿੰਘ ਦੇ ਘਰ ਅੱਗੇ ਗਲੀ ਪਹਿਲਾਂ ਬਣੀ ਹੋਈ ਸੀ ਜਿਸ ਨੂੰ ਕੰਕਰੀਟ ਦੁਆਰਾ ਦੁਬਾਰਾ ਬਣਾਇਆ ਜਾਣਾ ਸੀ, ਪੰਚਾਇਤ ਦੁਆਰਾ ਗਲੀ ਨਵੀਂ ਬਣਾਉਣ ਲਈ ਪੱਟੀ ਗਈ ਅਤੇ ਜਿਹੜੀ ਕਿ ਸ਼ਿਕਾਇਤਕਰਤਾ ਦੇ ਘਰ ਤੱਕ ਨਹੀਂ ਬਣਾਈ ਗਈ ਪ੍ਰੰਤੂ ਸ਼ਿਕਾਇਤਕਰਤਾ ਦੀ ਉਹ ਆਪਣੀ ਨਿੱਜੀ ਜਾਇਦਾਦ ਹੋਣ ਕਰਕੇ ਅਤੇ ਨਿਸ਼ਾਨਦੇਹੀ ਸਪੱਸ਼ਟ ਨਾ ਹੋਣ ਕਾਰਨ ਰੁਕੀ ਹੋਈ ਸੀ। ਕਮਿਸ਼ਨ ਵੱਲੋਂ ਪੰਚਾਇਤ ਮੈਂਬਰਾਂ ਅਤੇ ਸਰਪੰਚ ਨੂੰ ਹਦਾਇਤ ਕੀਤੀ ਕਿ ਇਸ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ। ਕਮਿਸ਼ਨ ਵੱਲੋਂ ਸ਼ਿਕਾਇਤਕਰਤਾ ਦੇ ਹਵੇਲੀ ਅੱਗੇ ਦੋਨਾਂ ਪਾਸਿਆਂ ਤੋਂ ਲੈਵਲ ਉੱਚਾ ਹੋਣ ਕਾਰਨ ਪਾਣੀ ਉਨਾਂ ਦੇ ਘਰ ਵਿੱਚ ਦਾਖਲ ਹੁੰਦਾ ਸੀ ਜਿਸ ਦਾ ਕਮਿਸ਼ਨ ਵੱਲੋਂ ਪੰਚਾਇਤ ਦੇ ਅਧਿਕਾਰੀਆਂ ਅਤੇ ਸਰਪੰਚ ਨੂੰ ਲੈਵਲ ਠੀਕ ਕਰਕੇ ਰਿਪੋਰਟ ਕਰਨ ਲਈ ਕਿਹਾ। ਸਿਕਾਇਤਕਰਤਾ ਦੀ ਇੱਕ ਹੋਰ ਜਗਾ ਬਾਰੇ ਵੀ ਕਮਿਸ਼ਨ ਨੇ ਪੰਚਾਇਤ ਦੇ ਅਧਿਕਾਰੀਆਂ ਅਤੇ ਸਰਪੰਚ ਨੂੰ ਲੈਵਲ ਠੀਕ ਕਰਕੇ ਰਿਪੋਰਟ ਕਰਨ ਲਈ ਕਿਹਾ। ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਜਾਤ ਆਧਾਰ ‘ਤੇ ਵਿਤਕਰਾ ਨਾ ਹੋਵੇ ਅਤੇ ਸਰਕਾਰ ਵੱਲੋਂ ਦਲਿਤ ਵਰਗ ਦੇ ਪਰਿਵਾਰਾਂ ਨੂੰ ਉੱਚਾ ਚੁੱਕਣ ਲਈ ਬਹੁਤ ਯਤਨ ਕੀਤੇ ਜਾਂਦੇ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਸ਼੍ਰੀ ਹਰੀਸ਼ ਕੁਮਾਰ, ਪਟਵਾਰੀ ਸ਼੍ਰੀ ਰਾਮ ਸਿੰਘ, ਪੰਚਾਇਤ ਅਫਸਰ ਸ਼੍ਰੀ ਹਰਮੇਲ ਸਿੰਘ, ਜੇ.ਈ. ਸ਼੍ਰੀ ਸੱਪਜੀਤ ਸਿੰਘ, ਸੈਕਟਰੀ ਸ਼੍ਰੀ ਕੌਸ਼ਕ, ਸਰਪੰਚ ਸ਼੍ਰੀ ਬਖਸ਼ੀਸ ਸਿੰਘ, ਪੰਚ ਸ਼੍ਰੀ ਰਜਨੀਸ਼ ਕੁਮਾਰ, ਪੰਚ ਸ਼੍ਰੀ ਕਮਲਜੀਤ ਸਿੰਘ, ਬਲਾਕ ਸੰਮਤੀ ਮੈਂਬਰ ਸ਼੍ਰੀ ਹਰਪ੍ਰੀਤ ਸਿੰਘ, ਏ.ਐਸ.ਆਈ. ਸ਼੍ਰੀ ਹਰਮੇਸ਼ ਲਾਲ ਅਤੇ ਪਿੰਡ ਦੇ ਵਸਨੀਕ ਮੌਜੂਦ ਸਨ।


Spread the love
  •  
  •  
  •  
  •