ਪੰਜਾਬ ਦੇ ਕਿਸਾਨਾਂ ਸਦਕਾ ਪੂਰੀ ਦੁਨੀਆ ਨੂੰ ਮਿਲੀ ਖੇਤੀ ਕਰਨ ਦੀ ਸੇਧ-ਹਾਮਿਦ ਕਰਜ਼ਈ

Spread the love
  •  
  •  
  •  
  •  

ਲੁਧਿਆਣਾ, ( ਸੰਜੇ ਮਿੰਕਾ )-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤਿੰਨ ਰੋਜ਼ਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ । ਇਸ ਮੇਲੇ ਵਿੱਚ ਪੰਜਾਬ ਤੋਂ ਹੀ ਨਹੀਂ ਬਲਕਿ  ਗੁਆਂਢੀ ਸੂਬਿਆਂ ਤੋਂ ਵੀ ਵੱਡੀ ਗਿਣਤੀ ਕਿਸਾਨ ਸ਼ਾਮਿਲ ਹੋਏ ਹਨ। ‘ਆਓ ਧਰਤੀ ਮਾਂ ਬਚਾਈਏ ਪਰਾਲੀ ਨੂੰ ਅੱਗ ਨਾ ਲਾਈਏ’ ਦੇ ਨਾਅਰੇ ਨਾਲ ਵਾਤਾਵਰਨ ਬਚਾਉਣ ਦਾ ਸੁਨੇਹਾ ਲੈ ਕੇ ਸ਼ੁਰੂ ਹੋਏ ਇਸ ਕਿਸਾਨ ਮੇਲੇ ਦਾ ਉਦਘਾਟਨ ਸ਼੍ਰੀ ਵੀ ਪੀ ਸਿੰਘ ਬਦਨੌਰ, ਮਾਣਯੋਗ ਗਵਰਨਰ ਪੰਜਾਬ ਅਤੇ ਚਾਂਸਲਰ ਪੀਏਯੂ ਨੇ ਕੀਤਾ। ਇਸ ਵਿੱਚ ਜਨਾਬ ਹਾਮਿਦ ਕਰਜ਼ਈ ਸਾਬਕਾ ਰਾਸ਼ਟਰਪਤੀ ਅਫਗਾਨਿਸਤਾਨ ਅਤੇ ਸ਼੍ਰੀ ਅਜੇਵੀਰ ਜਾਖੜ, ਚੇਅਰਮੈਨ ਪੰਜਾਬ ਰਾਜ ਕਿਸਾਨ ਭਲਾਈ ਕਮਿਸ਼ਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਕੇ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਜੋ ਯੋਗਦਾਨ ਪਾਇਆ ਹੈ, ਉਸ ਦੀ ਕਿਤੇ ਵੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਪੰਜਾਬ ਦਾ ਕਿਸਾਨ ਅਗਾਂਹਵਧੂ ਹੈ ਇਸੇ ਲਈ ਨਵੀਂ ਤਕਨਾਲੋਜੀ ਅਪਣਾ ਲੈਂਦਾ ਹੈ। ਪੰਜਾਬ ਦੇ ਸੂਝਵਾਨ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੇ ਕਿਹਾ ਕਿ ਰਾਜਸਥਾਨ ਨੂੰ ਖੇਤੀ ਕਰਨ ਦੀ ਜਾਚ ਸਿਖਾਉਣ ਵਿੱਚ ਵੀ ਪੰਜਾਬੀ ਕਿਸਾਨਾਂ ਦਾ ਵੱਡਾ ਯੋਗਦਾਨ ਹੈ। ਹੁਣ ਸਮਾਂ ਵਾਤਾਵਰਨ ਦੀ ਸੰਭਾਲ ਲਈ ਨਵੀਆਂ ਤਕਨੀਕਾਂ ਅਪਨਾਉਣ ਦਾ ਹੈ ਅਤੇ ਪੰਜਾਬ ਦੇ ਕਿਸਾਨ ਇਸ ਵਿੱਚ ਵੀ ਦੇਸ਼ ਦੀ ਅਗਵਾਈ ਜ਼ਰੂਰ ਕਰਨਗੇ। ਕਿਸਾਨ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਨੇੜਲੇ ਸੰਬੰਧਾਂ ਤੇ ਤਸੱਲੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਅਜਿਹੀ ਸਾਂਝ ਪੂਰੇ ਦੇਸ਼ ਵਿੱਚ ਕਿਸੇ ਵੀ ਖੇਤੀ ਯੂਨੀਵਰਸਿਟੀ ਅਤੇ ਕਿਸਾਨ ਵਿਚਕਾਰ ਦੇਖਣ ਨਹੀਂ ਮਿਲਦੀ। ਉਹਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਤਾਕੀਦ ਕਰਦਿਆਂ ਹੈਪੀ ਸੀਡਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਜਨਾਬ ਹਾਮਿਦ ਕਰਜ਼ਈ ਨੇ ਇਸ ਮੌਕੇ ਬੋਲਦਿਆਂ ਭਾਰਤ ਵਿਸ਼ੇਸ਼ ਕਰਕੇ ਪੰਜਾਬ ਨਾਲ ਆਪਣੇ ਪੁਰਾਣੇ ਅਤੇ ਨਿੱਘੇ ਸੰਬੰਧਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਮਹਿਮਾਨ ਨਿਵਾਜ਼ ਤਬੀਅਤ ਦੀ ਸ਼ਲਾਘਾ ਕੀਤੀ ਅਤੇ ਇਹਨਾਂ ਕਿਸਾਨਾਂ ਨੂੰ ਪੂਰੀ ਦੁਨੀਆਂ ਲਈ ਲਗਨ ਅਤੇ ਕਿਰਤ ਪੱਖੋਂ ਮਿਸਾਲ ਕਿਹਾ। ਉਹਨਾਂ ਨੇ ਪੰਜਾਬ ਦੀ ਧਰਤੀ ਦੀ ਹਰਿਆਲੀ ਨੂੰ ਪੰਜਾਬੀ ਕਿਸਾਨ ਦੀ ਮਿਹਨਤ ਦਾ ਸਿੱਟਾ ਕਿਹਾ ਅਤੇ ਇਹ ਵੀ ਕਿਹਾ ਕਿ ਮੈਂ ਏਨੇ ਜ਼ਿਆਦਾ ਗਿਣਤੀ ਵਿੱਚ ਕਿਸਾਨਾਂ ਨੂੰ ਮੇਲੇ ਵਿੱਚ ਦੇਖ ਕੇ ਖੁਸ਼ੀ ਭਰੀ ਹੈਰਾਨੀ ਨਾਲ ਭਰ ਗਿਆ ਹਾਂ। ਇਸ ਦਾ ਅਰਥ ਇਹ ਹੈ ਕਿ ਪੰਜਾਬ ਦਾ ਕਿਸਾਨ ਨਵੀਆਂ ਤਕਨੀਕਾਂ ਜਾਨਣ ਲਈ ਬਹੁਤ ਤਤਪਰ ਰਹਿੰਦਾ ਹੈ। ਪੰਜਾਬ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਜੇਵੀਰ ਜਾਖੜ ਨੇ ਕਿਹਾ ਕਿ ਪੰਜਾਬ ਦਾ 100 ਪ੍ਰਤੀਸ਼ਤ ਇਲਾਕਾ ਸੇਂਜੂ ਹੈ ਅਤੇ ਉਤਪਾਦਨ ਪੂਰੇ ਦੇਸ਼ ਨਾਲੋਂ ਔਸਤ ਵਿੱਚ ਜ਼ਿਆਦਾ ਹੈ । ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਕਿਸਾਨ ਨੂੰ ਨਵੀਂ ਮਿਸਾਲ ਪੇਸ਼ ਕਰਦਿਆਂ ਆਪਣੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਅੱਗੇ ਆਉਣਾ ਪਵੇਗਾ। ਉਹਨਾਂ ਦੱਸਿਆ ਕਿ ਨਵੀਂ ਖੇਤੀ ਨੀਤੀ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਵਿਧੀਵਤ ਕੀਤੀ ਜਾ ਰਹੀ ਹੈ । ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੀਏਯੂ ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਕਿਸਾਨਾਂ, ਮਾਹਿਰਾਂ ਅਤੇ ਪਤਵੰਤਿਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਪੀਏਯੂ  ਦੀਆਂ ਖੋਜ ਪ੍ਰਾਪਤੀਆਂ ਬਾਰੇ ਚਾਣਨਾ ਪਾਇਆ। ਖੇਤੀ ਲਾਗਤਾਂ ਨੂੰ ਘਟਾਉਣ ਲਈ ਲੋੜ ਅਨੁਸਾਰ ਵਰਤੋਂ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਆਮਦਨੀ ਦੀ ਥਾਂ ਲਾਗਤ  ਕੀਮਤਾਂ ਘੱਟ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਹੋਣ ਲਈ ਕਿਹਾ। ਉਹਨਾਂ ਨੇ ਇਹਨਾਂ ਕਿਸਾਨ ਮੇਲਿਆਂ ਨੂੰ ਸਿੱਖਣ-ਸਿਖਾਉਣ ਦੀ ਦੁਵੱਲੀ ਵਿਧੀ ਕਿਹਾ ਜਿਸ ਵਿੱਚ ਕਿਸਾਨ ਵਿਗਿਆਨੀਆਂ ਕੋਲੋਂ ਸਿੱਖਦੇ ਹਨ ਅਤੇ ਇਹਨਾਂ ਕਿਸਾਨਾਂ ਤੋਂ ਮਿਲੀ ਫੀਡ ਬੈਕ ਪੀਏਯੂ ਦੀ ਖੋਜ ਨੂੰ ਦਿਸ਼ਾ ਮਿਲਦੀ ਹੈ। ਉਹਨਾਂ ਨੇ ਪਰਾਲੀ ਸਾੜਨ ਤੋਂ ਹਰ ਹੀਲੇ ਬਚਣ ਲਈ ਪੰਜਾਬ ਦੇ ਕਿਸਾਨ ਨੂੰ ਨਵੀਂ ਤਕਨੀਕ ਧਾਰਨ ਕਰਨ ਲਈ ਉਤਸ਼ਾਹਿਤ ਕੀਤਾ। ਬਾਸਮਤੀ ਅਤੇ ਝੋਨੇ ਦੇ ਚਾਲੂ ਸੀਜ਼ਨ ਦੌਰਾਨ ਖਾਦਾਂ ਅਤੇ ਖੇਤੀ ਰਸਾਇਣਾਂ ਦੇ ਢੁੱਕਵੀਂ ਵਰਤੋਂ ਕਰਕੇ ਆਪਣੇ ਝਾੜ ਨੂੰ ਵਧਾਉਣ ਸੰਬੰਧੀ ਤਾਕੀਦ ਵੀ ਕੀਤੀ। ਵਾਈਸ ਚਾਂਸਲਰ ਨੇ ਫਸਲਾਂ, ਸਬਜ਼ੀਆਂ ਅਤੇ ਚਾਰਿਆਂ ਦੀਆਂ ਨਵੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੂੰ ਸਾਰੇ ਰਕਬੇ ਵਿੱਚ ਇਕੋ ਕਿਸਮ ਬੀਜਣ ਦੀ ਥਾਂ ਵਧੇਰੇ ਕਿਸਮਾਂ ਅਜਮਾਉਣ ਦੀ ਸਲਾਹ ਦਿੱਤੀ। ਇਸ ਮੌਕੇ ਡਾ. ਅਮਰਜੀਤ ਸਿੰਘ ਨੰਦਾ  ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਨੇ ਪਸ਼ੂ ਪਾਲਣ ਦੀਆਂ ਨਵੀਆਂ ਲੋੜਾਂ ਦੀ ਗੱਲ ਕੀਤੀ। ਇਸ ਮੌਕੇ ਸੰਗਰੂਰ ਜ਼ਿਲੇ ਦੇ ਪਿੰਡ ਚੱਠਾ ਨਨਹੇੜਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ (ਸੰਗਰੂਰ) ਰਾਜਪਾਲ ਸਰਵੋਤਮ ਪਿੰਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਭ ਦਾ ਧੰਨਵਾਦ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਨੇ ਕੀਤਾ। ਸਮੁੱਚੇ ਸਮਾਗਮ ਦੀ ਕਾਰਵਾਈ ਡਾ. ਜਸਵਿੰਦਰ ਸਿੰਘ ਭੱਲਾ ਨੇ ਚਲਾਈ। ਸਮਾਗਮ ਵਿੱਚ ਹੋਰਾਂ ਤੋਂ ਬਿਨਾਂ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ, ਡਾ. ਦਰਸ਼ਨ ਸਿੰਘ ਬਰਾੜ, ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਡਾ. ਪੁਸ਼ਪਿੰਦਰ ਸਿੰਘ ਔਲਖ, ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਜਸਬੀਰ ਸਿੰਘ ਬੈਂਸ, ਡਾ. ਰਾਜਿੰਦਰ ਸਿੰਘ ਸਿੱਧੂ ਰਜਿਸਟਰਾਰ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਦੋਵਾਂ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਹਾਜ਼ਰ ਕਿਸਾਨਾਂ ਦੇ ਮਨੋਰੰਜਨ ਲਈ ਰਾਮ ਸਿੰਘ ਅਲਬੇਲਾ ਅਤੇ ਸੁਖਵਿੰਦਰ ਸੁੱਖੀ ਨੇ ਰੰਗਾਰੰਗ ਪ੍ਰੋਗਰਾਮ ਕੀਤਾ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ਤੇ ਪਰਾਲੀ ਨਾ ਸਾੜਨ ਦੇ ਵਿਸ਼ੇ ਸੰਬੰਧੀ ਇੱਕ ਨੁਕੜ ਨਾਟਕ ਪੇਸ਼ ਕੀਤਾ ਗਿਆ। ਪ੍ਰੇਰਨਾ ਭਰਪੂਰ ਇਸ ਨਾਟਕ ਨੂੰ ਹਾਜ਼ਰ ਕਿਸਾਨਾਂ ਨੇ ਭਰਪੂਰ ਸਲਾਹਿਆ। ਇਸ ਮੌਕੇ ਪੀਏਯੂ ਦਾ ਖੇਤੀ ਸਾਹਿਤ ਵੀ ਰਿਲੀਜ਼ ਕੀਤਾ ਗਿਆ ਜਿਸ ਵਿੱਚ ‘ਪਰਾਲੀ ਦੀ ਸੁਚੱਜੀ ਸੰਭਾਲ ਕਰਨ ਵਾਲੇ ਉੱਦਮੀ’ ਕਿਸਾਨ ਕਿਤਾਬ ਦੇ ਨਾਲ ‘ਸਾੜੀ ਨਾ ਪਰਾਲੀ’ ਆਡੀਓ ਅਤੇ ਇੱਕ ਵੀਡੀਓ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਪੀਏਯੂ ਕਿਸਾਨ ਐਪ ਵੀ ਕਿਸਾਨਾਂ ਲਈ ਜਾਰੀ ਕੀਤੀ ਗਈ ਜੋ ਖਬਰ ਲਿਖਣ ਤੱਕ ੧੦੦ ਤੋਂ ਵੱਧ ਕਿਸਾਨਾਂ ਨੇ ਡਾਊਨਲੋਡ ਕਰ ਲਈ ਹੈ। ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਖੇਤ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਲਗਾ ਕੇ ਕਿਸਾਨਾਂ ਨੂੰ ਖੇਤੀ ਸੰਬੰਧੀ ਵਿਕਸਿਤ ਕੀਤੀ ਨਵੀਂ ਤਕਨਾਲੋਜੀ ਬਾਰੇ ਜਾਣਕਾਰ ਕਰਵਾਇਆ ਗਿਆ। ਕਿਸਾਨਾਂ ਨੇ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਮਾਹਿਰਾਂ ਨਾਂਲ ਸਾਂਝੀਆਂ ਕੀਤੀਆਂ। ਕਿਸਾਨਾਂ ਨੇ ਖੇਤੀ ਸਾਹਿਤ, ਬੀਜ ਅਤੇ ਫਲਾਂ ਅਤੇ ਫੁੱਲਾਂ ਦੇ ਬੂਟਿਆਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। 


Spread the love
  •  
  •  
  •  
  •