ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਐਵਾਰਡਾਂ ਲਈ ਉੱਦਮੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਕੋਲੋਂ ਮੰਗੀਆਂ ਅਰਜ਼ੀਆਂ


-ਮਾਰਚ ਦੇ ਕਿਸਾਨ ਮੇਲੇ ’ਤੇ ਦਿੱਤੇ ਜਾਣਗੇ ਇਹ ਸਨਮਾਨ

ਲੁਧਿਆਣਾ, ( ਹਰੀਸ਼ ਕੁਮਾਰ )-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਰਾਜ ਭਰ ਦੇ ਕਿਸਾਨਾਂ ਤੋਂ ਮਾਰਚ 2019 ਵਿੱਚ ਦਿੱਤੇ ਜਾਣ ਵਾਲੇ ਐਵਾਰਡਾਂ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਹੈ। ਇਹ ਐਵਾਰਡ ਮਾਰਚ 2019 ਦੇ ਪੀਏਯੂ ਕਿਸਾਨ ਮੇਲੇ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਦਿੱਤੇ ਜਾਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਕੁੱਲ ਛੇ ਵਰਗਾਂ ਵਿੱਚ ਐਵਾਰਡ ਦਿੱਤੇ ਜਾਣੇ ਹਨ ਜਿਨ੍ਹਾਂ ਵਿੱਚੋਂ ਪਹਿਲਾ ਮੁੱਖ ਮੰਤਰੀ ਖੇਤੀ ਐਵਾਰਡ ਹੈ । ਇਸ ਐਵਾਰਡ ਵਿੱਚ 25,000 ਰੁਪਏ ਅਤੇ ਪ੍ਰਸ਼ੰਸ਼ਾ ਪੱਤਰ ਪੰਜਾਬ ਦੇ ਉਸ ਕਿਸਾਨ ਨੂੰ ਦਿੱਤਾ ਜਾਵੇਗਾ ਜੋ ਮੁੱਖ ਫ਼ਸਲਾਂ ਦੀ ਖੇਤੀ ਕਰਨ ਵਿੱਚ ਮੋਹਰੀ ਹੈ । ਦੂਜਾ ਮੁੱਖ ਮੰਤਰੀ ਬਾਗਬਾਨੀ ਐਵਾਰਡ, ਬਾਗਬਾਨੀ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਉਦਮੀ ਕਿਸਾਨ ਨੂੰ ਦਿੱਤਾ ਜਾਵੇਗਾ । ਤਿੰਨ ਹੋਰ ਇਨਾਮ ਜਿਨ੍ਹਾਂ ਵਿੱਚ 10,000 ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸ਼ਾ ਪੱਤਰ ਸ਼ਾਮਲ ਹੋਵੇਗਾ, ਕ੍ਰਮਵਾਰ ਵਿਕਸਿਤ ਸਿੰਚਾਈ ਤਕਨੀਕਾਂ, ਖੇਤੀ ਮਸ਼ੀਨਰੀ ਅਤੇ ਜੈਵਿਕ ਖੇਤੀ ਅਪਨਾਉਣ ਵਾਲੇ ਕਿਸਾਨਾਂ ਨੂੰ ਦਿੱਤੇ ਜਾਣਗੇ । ਛੇਵਾਂ ਸਰਦਾਰਨੀ ਪ੍ਰਕਾਸ਼ ਕੌਰ ਸਰਾ ਯਾਦਗਾਰੀ ਐਵਾਰਡ ਖੇਤੀ, ਬਾਗਬਾਨੀ, ਫੁੱਲਾਂ ਦੀ ਖੇਤੀ ਅਤੇ ਸਹਾਇਕ ਧੰਦਿਆਂ ਵਿੱਚ ਰੁੱਝੇ ਉਦਮੀ ਕਿਸਾਨਾਂ ਨੂੰ ਦਿੱਤਾ ਜਾਵੇਗਾ ਇਸ ਵਿੱਚ ਪ੍ਰਸ਼ੰਸ਼ਾ ਪੱਤਰ ਦੇ ਨਾਲ 5000 ਰੁਪਏ ਦਾ ਨਕਦ ਇਨਾਮ ਸ਼ਾਮਲ ਹੋਵੇਗਾ । ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਆਉਣ ਵਾਲੇ ਮਾਰਚ 2019 ਵਿੱਚ ਦਿੱਤੇ ਜਾਣ ਵਾਲੇ ਇਹਨਾਂ ਇਨਾਮਾਂ ਲਈ ਜਿਹੜੇ ਕਿਸਾਨ ਫਾਰਮ ਭਰਨਾ ਚਾਹੁੰਦੇ ਹਨ ਉਹ ਪੀਏਯੂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਡਿਪਟੀ ਡਾਇਰੈਕਟਰ, ਖੇਤਰੀ ਖੋਜ ਸਟੇਸ਼ਨ ਦੇ ਨਿਰਦੇਸ਼ਕ, ਜ਼ਿਲ੍ਹਾ ਪਸਾਰ ਮਾਹਿਰ, ਮੁੱਖ ਖੇਤੀਬਾੜੀ ਅਫ਼ਸਰ, ਬਾਗਬਾਨੀ ਦੇ ਡਿਪਟੀ ਡਾਇਰੈਕਟਰ ਅਤੇ ਪੀਏਯੂ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਤੋਂ ਇਹ ਫਾਰਮ ਹਾਸਲ ਕਰ ਸਕਦੇ ਹਨ । ਇਹਨਾਂ ਫਾਰਮਾਂ ਨੂੰ ਨਿਰਦੇਸ਼ਕ ਪਸਾਰ ਸਿੱਖਿਆ ਪੀਏਯੂ ਦੇ ਦਫ਼ਤਰ ਪਹੁੰਚਾਉਣ ਦੀ ਆਖਰੀ ਮਿਤੀ 11 ਜਨਵਰੀ 2019 ਹੈ । ਜੇ ਕੋਈ ਕਿਸਾਨ ਇੱਕ ਤੋਂ ਵੱਧ ਐਵਾਰਡ ਲਈ ਅਰਜ਼ੀ ਦੇਣਾ ਚਾਹੁੰਦਾ ਹੈ ਤਾਂ ਉਸ ਲਈ ਵੱਖਰਾ ਫਾਰਮ ਭਰਨਾ ਜ਼ਰੂਰੀ ਹੈ।

Leave a Reply

Your email address will not be published. Required fields are marked *