ਪੰਜਾਬੀ ਮੂਲ ਦੇ 16 ਬਰਤਾਨਵੀ ਨੌਜਵਾਨ ਕਰਨਗੇ ਪਹਿਲੀ ਵਾਰ ਪੰਜਾਬ ਦਾ ਦੌਰਾ

-ਹੀਰੋ ਸਾਈਕਲ ਅਤੇ ਮੌਂਟੇ ਕਾਰਲੋ ਫੈਕਟਰੀਆਂ ਦੇਖਣਗੇ


ਲੁਧਿਆਣਾ, ( ਹੇਮਰਾਜ ਜਿੰਦਲ )-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਆਪਣੀਆਂ ਜੜਾਂ ਨਾਲ ਜੁੜੋ’ ਤਹਿਤ ਇੰਗਲੈਂਡ ਤੋਂ ਆਉਣ ਵਾਲੇ ਨੌਜਵਾਨ ਮਿਤੀ 16 ਅਗਸਤ ਨੂੰ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ ਕਰਨਗੇ। ਪੰਜਾਬੀ ਮੂਲ ਦੇ 16 ਨੌਜਵਾਨਾਂ ਦਾ ਦੂਜਾ ਬੈਚ 10 ਤੋਂ 22 ਅਗਸਤ ਤੱਕ ਸੂਬੇ ਦਾ ਦੌਰਾ ਕਰ ਰਿਹਾ ਹੈ। ਇਸ ਗਰੁੱਪ ਵਿੱਚ 13-25 ਸਾਲ ਦੀ ਉਮਰ ਦੇ ਅੱਠ ਲੜਕੇ ਅਤੇ ਅੱਠ ਲੜਕੀਆਂ ਸ਼ਾਮਿਲ ਹਨ। ਜਦਕਿ ਚਾਰ ਮੈਂਬਰ ਕੋਆਰਡੀਨੇਟਰ ਵਜੋਂ ਵਫ਼ਦ ਨਾਲ ਆ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਨਾਂ ਨੌਜਵਾਨਾਂ ਦੇ ਦੌਰੇ ਦੇ ਅਹਿਮ ਪਲਾਂ ਵਿੱਚ ਲੁਧਿਆਣਾ ਸ਼ਹਿਰ ਦੀਆਂ ਦੋ ਮਹੱਤਵਪੂਰਨ ਸਨਅਤਾਂ ਹੀਰੋ ਸਾਈਕਲਜ਼ ਅਤੇ ਮੌਂਟੇ ਕਾਰਲੋ (ਹੌਜਰੀ ਫੈਕਟਰੀ) ਦਾ ਦੌਰਾ ਕਰਨਾ ਸ਼ਾਮਿਲ ਹੈ। ਦੱਸਣਯੋਗ ਹੈ ਕਿ ਇਸ ਯੋਜਨਾ ਤਹਿਤ ਪਹਿਲਾ ਵਫ਼ਦ ਵੀ ਪਿਛਲੇ ਸਾਲ ਲੁਧਿਆਣਾ ਪਹੁੰਚਿਆ ਸੀ ਅਤੇ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਹ ਨੌਜਵਾਨ ਮਿਤੀ 16 ਅਗਸਤ ਨੂੰ ਪੁਲਿਸ ਅਕਾਦਮੀ ਫਿਲੌਰ ਤੋਂ ਸਿੱਧਾ ਹੀਰੋ ਸਾਈਕਲਜ਼ ਵਿਖੇ ਪੁੱਜਣਗੇ, ਜਿਸ ਉਪਰੰਤ ਉਨਾਂ ਵੱਲੋਂ ਮੌਂਟੇ ਕਾਰਲੋ ਦੀ ਹੌਜ਼ਰੀ ਫੈਕਟਰੀ ਦੇਖੀ ਜਾਵੇਗੀ। ਸ਼ਾਮ ਨੂੰ ਇਹ ਵਫ਼ਦ ਵਾਪਸ ਜਲੰਧਰ ਚਲਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਨਾਂ ਨੌਜਵਾਨਾਂ ਦੇ ਰਹਿਣ-ਸਹਿਣ ਦੇ ਪ੍ਰਬੰਧਾਂ ਤੋਂ ਇਲਾਵਾ ਪ੍ਰਮੁੱਖ ਥਾਵਾਂ ‘ਤੇ ਜਾਣ ਅਤੇ ਹੋਰ ਪ੍ਰੋਗਰਾਮਾਂ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਨਾਂ ਨੌਜਵਾਨਾਂ ਵੱਲੋਂ ਸੂਬੇ ਵਿਚਲੀਆਂ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਵਾਲੀਆਂ ਵੱਖ-ਵੱਖ ਥਾਵਾਂ ‘ਤੇ ਵੀ ਜਾਣ ਦਾ ਪ੍ਰੋਗਰਾਮ ਹੈ। ਲੁਧਿਆਣਾ ਤੋਂ ਇਲਾਵਾ ਇਨਾਂ ਨੌਜਵਾਨਾਂ ਵੱਲੋਂ ਚੰਡੀਗੜ•, ਸ੍ਰੀ ਫਤਹਿਗੜ• ਸਾਹਿਬ, ਜਲੰਧਰ, ਕਪੂਰਥਲਾ ਅਤੇ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਹੱਤਵਪੂਰਨ ਸਥਾਨਾਂ ਅਤੇ ਆਪਣੇ ਪੁਰਖਿਆਂ ਦੇ ਸਥਾਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਪੁਰਖ਼ਿਆਂ ਦੇ ਸਥਾਨਾਂ ਦਾ ਦੌਰਾ ਕਰਨ ਦੌਰਾਨ ਉਹ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਮਾਪਿਆਂ ਅਤੇ ਬਜ਼ੁਰਗਾਂ ਦੇ ਰਿਸ਼ਤੇਦਾਰਾਂ ਨੂੰ ਮਿਲਣਗੇ, ਜਿਸ ਨਾਲ ਉਨਾਂ ਨੂੰ ਆਪਣੇ ਪੁਰਖ਼ਿਆਂ ਦੀਆਂ ਜੜਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ, 2017 ਨੂੰ ਲੰਡਨ ਤੋਂ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਅਧੀਨ ਕਦੀ ਵੀ ਮੁਲਕ ਵਿੱਚ ਨਾ ਆਉਣ ਵਾਲੇ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀਆਂ ਜੜਾਂ ਨਾਲ ਜੁੜਨ ਦਾ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰੇ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਦੇ ਯਾਤਰਾ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ।
ਸ੍ਰੀ ਅਗਰਵਾਲ ਨੇ ਇਨਾਂ ਨੌਜਵਾਨਾਂ ਦੇ ਲੁਧਿਆਣਾ ਦੌਰੇ ਦੌਰਾਨ ਉਨਾਂ ਨੂੰ ਸ਼ਹਿਰ ਲੁਧਿਆਣਾ ਖਾਸ ਕਰਕੇ ਸੂਬਾ ਪੰਜਾਬ ਦੇ ਸਨਅਤੀ ਵਿਕਾਸ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਤਾਂ ਜੋ ਉਹ ਆਪਣੇ ਮੌਜੂਦਾ ਦੇਸ਼ ਵਿੱਚ ਜਾ ਕੇ ਪੰਜਾਬ ਦੇ ਸਨਅਤੀ ਵਿਕਾਸ ਬਾਰੇ ਦੱਸ ਸਕਣ।

Leave a Reply

Your email address will not be published. Required fields are marked *