ਪ੍ਰਸਿੱਧ ਪੰਜਾਬੀ ਲੇਖਕ ਪੂਰਨ ਸਿੰਘ ਯੂ ਕੇ ਦੇ ਦੇਹਾਂਤ ਤੇ ਅਫਸੋਸ ਦਾ ਪ੍ਰਗਟਾਵਾ

Spread the love
  •  
  •  
  •  
  •  

ਲੁਧਿਆਣਾ, ( ਅਰੁਣ ਜੈਨ )-ਇੰਗਲੈਂਡ ਤੇ ਦੀਨਾ ਨਗਰ (ਗੁਰਦਾਸਪੁਰ ) ਤੋਂ ਇੱਕੋ ਵੇਲੇ  ਛਪਦੇ ਤ੍ਰੈਮਾਸਿਕ ਸਾਹਿੱਤਕ ਮੈਗਜ਼ੀਨ ਰੂਪਾਂਤਰ ਦੇ ਸੰਚਾਲਕ ਪੂਰਨ ਸਿੰਘ ਯੂ ਕੇ ਦਾ ਇੰਗਲੈਂਡ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਸਿੰਘ ਬਰਦਰਜ਼ ਪ੍ਰਕਾਸ਼ਨ ਘਰ ਅੰਮ੍ਰਿਤਸਰ ਦੇ ਸ: ਗੁਰਸਾਗਰ ਸਿੰਘ ਨੇ ਦਿੱਤੀ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੂਰਨ ਸਿੰਘ ਦੀਆਂ ਵਾਰਤਕ ਲਿਖਤਾਂ ਵਿੱਚ ਤਰਕਸ਼ੀਲ ਜੀਵਨ ਦਾ ਆਚਾਰ, ਵਿਹਾਰ, ਕਿਰਦਾਰ ਉਸਾਰੀ ਤੇ ਸਵੈ ਵਿਕਾਸ ਮਾਰਗ ਬਹੁਤ ਸਪਸ਼ਟ ਰੂਪ ਚ ਸੁਭਾਇਮਾਨ ਸੀ। ਪੂਰਨ ਸਿੰਘ ਜੀ ਦੀਆਂ ਲਗਪਗ ਦੋ ਦਰਜਨ ਵਾਰਤਕ ਪੁਸਤਕਾਂ ਛਪ ਚੁਕੀਆਂ ਹਨ ਜਿੰਨ੍ਹਾਂ ਚੋਂ ਪ੍ਰਮੁੱਖ ਘਰ ਸੁਖ ਵਸਿਆ ਬਾਹਰ ਸੁਖ ਪਾਇਆ,ਸ਼ਕਤੀ: ਇੱਕ ਦਾਰਸ਼ਨਿਕ ਅਧਿਐਨ, ਸੰਘਰਸ਼: ਇੱਕ ਸਮਾਜਿਕ ਅਧਿਐਨ, ਮਨੋਵਿਕਾਸ: ਕੁਝ ਸੰਕੇਤ ਕੁਝ ਸੁਝਾਉ, ਸੁੰਦਰਤਾ ਅਤੇ ਆਨੰਦ, ਸ਼ਾਕਾਹਾਰ ਇੱਕ ਸੁੰਦਰਤਾ, ਪ੍ਰਬੰਧ: ਰਾਜਨੀਤਕ, ਆਰਥਿਕ, ਸਮਾਜਿਕ ਅਤੇਧਾਰਮਿਕ ਪ੍ਰਬੰਧਾਂ ਦਾ ਦਾਰਸ਼ਨਿਕ ਅਧਿਐਨ, ਬਾਬਾ ਰੂੜਾ ਤੇ ਹੋਰ ਕਹਾਣੀਆਂ, ਅਠਵਾਂ ਅਜੂਬਾ ਤੇ ਹੋਰ ਕਹਾਣੀਆਂ, ਪ੍ਰਸੰਨਤਾ ਦੀ ਭਾਲ ਵਿੱਚ, ਸਾਇੰਸ ਦਾ ਸੰਸਾਰ, ਸਭਿਅਤਾ ਤੇ ਸੱਭਿਆਚਾਰ, ਸੋਚ ਦਾ ਸਫ਼ਰ(ਚਾਰ ਭਾਗ) ਵਿਸ਼ਵਾਸ ਤੋਂ ਵਿਚੇਤਨਾ ਤੀਕ, ਪਰਹਿਵਾਰ ਸੰਸਾਰ(ਅੱਜ ਕੱਲ੍ਹ ਤੇ ਭਲਕ) ਪਰਲੋਕ ਦਾ ਭਰਮ ਪ੍ਰਮੁੱਖ ਹਨ। ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਰੂਪਾਂਤਰ ਮੈਗਜ਼ੀਨ ਦਾ ਸੰਪਾਦਨ ਉਨ੍ਹਾਂ ਨੇ ਆਪਣੇ ਵੀਰ ਪ੍ਰੋ:,ਵਰਿੰਦਰ ਸਿੰਘ ਨਾਲ ਰਲ ਕੇ ਦੋ ਦਹਾਕੇ ਪਹਿਲਾਂ ਆਰੰਭਿਆ ਸੀ ਅਤੇ ਉਨ੍ਹਾਂ ਦੀ ਮੌਤ ਮਗਰੋਂ ਹੁਣ ਦੀਨਾ ਨਗਰ ਵੱਸਦੇ ਕਵੀ ਸ: ਧਿਆਨ ਸਿੰਘ ਸ਼ਾਹ ਸਿਕੰਦਰ ਇਹ ਜੁੰਮੇਵਾਰੀ ਨਿਭਾ ਰਹੇ ਹਨ। ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਅਜੇ ਪਿਛਲੇ ਹਫ਼ਤੇ ਹੀ ਪੂਰਨ ਸਿੰਘ ਜੀ  ਦੀ ਸੱਜਰੀ ਗਿਆਨ ਪੁਸਤਕ ਮਨੁੱਖਤਾ ਦਾ ਭਵਿੱਖ: ਸਾਡੇ ਬੱਚੇ ਛਪ ਕੇ ਆਈ ਸੀ ਜੋ ਮੈਨੂੰ ਉਨ੍ਹਾਂ ਨੇ ਭੇਜੀ ਸੀ। ਪੂਰਨ ਸਿੰਘ ਜੀ ਨੂੰ ਵਿਸਾਰਨਾ ਆਸਾਨ ਨਹੀਂ ਹੋਵੇਗਾ।  ਪੂਰਨ ਸਿੰਘ ਜੀ ਨੂੰ ਡਾ: ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ,ਸਹਿਜਪ੍ਰੀਤ ਸਿੰਘ ਮਾਂਗਟ, ਸਰਬਜੀਤ ਵਿਰਦੀ, ਰਾਜਦੀਪ ਤੂਰ, ਅਮਰਜੀਤ ਸ਼ੇਰਪੁਰੀ ਨੇ ਵੀ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ।


Spread the love
  •  
  •  
  •  
  •