ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਲਈ ਜਾਗਰੂਕ ਵੋਟਰਾਂ ਦਾ ਸਹਿਯੋਗ ਜ਼ਰੂਰੀ-ਮੁੱਖ ਚੋਣ ਅਫ਼ਸਰ


-ਸੂਬੇ ਭਰ ਵਿੱਚ 6 ਹਜ਼ਾਰ ਤੋਂ ਵਧੇਰੇ ਪੋਲਿੰਗ ਬੂਥਾਂ ਦੀ ਹੋਵੇਗੀ ਵੈੱਬ-ਕਾਸਟਿੰਗ


ਲੁਧਿਆਣਾ, ( ਸੰਜੇ ਮਿੰਕਾ )-ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਐÎਸ. ਕਰੁਣਾ ਰਾਜੂ ਨੇ ਸੂਬੇ ਦੀਆਂ ਵੱਖ-ਵੱਖ ਵੋਟਰ ਧਿਰਾਂ ਨੂੰ ਆਗਾਮੀ ਲੋਕ ਸਭਾ ਚੋਣਾਂ-2019 ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਇਹ ਚੋਣਾਂ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾੜਨ ਲਈ ਜਾਗਰੂਕ ਵੋਟਰਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਹ ਅੱਜ ਸਥਾਨਕ ਬਚਤ ਭਵਨ ਵਿਖੇ ਸਨਅਤਕਾਰਾਂ, ਪ੍ਰਵਾਸੀ ਭਾਰਤੀਆਂ, ਤੀਜਾ ਲਿੰਗ ਵਰਗ, ਮਜ਼ਦੂਰ ਅਤੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਲਈ ਆਯੋਜਿਤ ਕੀਤੀ ਗਈ ਵਰਕਸ਼ਾਪ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।ਸ੍ਰੀ ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਹਰ ਵਾਰ ਦੀ ਤਰਾਂ ਇਨਾਂ ਚੋਣਾਂ ਨੂੰ ਵੀ ਪੂਰਨ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾਣਨ ਲਈ ਦ੍ਰਿੜ ਸੰਕਲਪ ਹੈ ਪਰ ਇਹ ਜਾਗਰੂਕ ਵੋਟਰਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੈ। ਉਨਾਂ ਕਿਹਾ ਕਿ ਆਗਾਮੀ ਚੋਣਾਂ ਵਿੱਚ ਸੂਬੇ ਦੇ 2 ਕਰੋੜ 3 ਲੱਖ ਤੋਂ ਵਧੇਰੇ ਵੋਟਰ ਭਾਗ ਲੈਣਗੇ, ਜਿਨਾਂ ਵਿੱਚ ਵੱਡੀ ਗਿਣਤੀ ਵਿੱਚ ਲੇਬਰ, ਐੱਨ. ਆਰ. ਆਈ., ਤੀਜਾ ਲਿੰਗ, ਅਪਾਹਜ਼ ਵਰਗ ਆਦਿ ਸ਼ਾਮਿਲ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਇਹ ਵੋਟਰ ਜਾਂ ਤਾਂ ਵੋਟ ਪਾ ਨਹੀਂ ਸਕਦੇ ਜਾਂ ਫਿਰ ਇਹ ਵੋਟ ਪਾਉਣਾ ਜ਼ਰੂਰੀ ਨਹੀਂ ਸਮਝਦੇ। ਉਨਾਂ ਕਿਹਾ ਕਿ ਹਰੇਕ ਚੋਣ ਵਿੱਚ ਇੱਕ-ਇੱਕ ਵੋਟ ਮਹੱਤਵਪੂਰਨ ਹੁੰਦੀ ਹੈ, ਜਿਸ ਕਰਕੇ ਸਾਨੂੰ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕੁਝ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਬਿਜਲਈ ਵੋਟਿੰਗ ਮਸ਼ੀਨ ਨਾਲ ਛੇੜਛਾਣ ਹੋ ਸਕਦੀ ਹੈ ਪਰ ਇਹ ਸੱਚਾਈ ਨਹੀਂ। ਉਨਾਂ ਕਿਹਾ ਕਿ ਇਸ ਮਸ਼ੀਨ ਵਿੱਚ ਅਜਿਹਾ ਕੋਈ ਵੀ ਉਪਕਰਨ ਨਹੀਂ ਲੱਗਾ ਹੋਇਆ, ਜੋ ਕਿ ਹੈਕ ਆਦਿ ਕੀਤਾ ਜਾ ਸਕੇ। ਸ੍ਰੀ ਰਾਜੂ ਨੇ ਕਿਹਾ ਕਿ ਇਸ ਵਾਰ ਨਵੇਂ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ, ਇਸੇ ਕਰਕੇ ਹੀ ਇਸ ਵਾਰ 2.5 ਲੱਖ ਤੋਂ ਵਧੇਰੇ ਨੌਜਵਾਨਾਂ ਨੇ ਆਪਣੀ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਈ ਹੈ। ਉਨਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਿੰਗ ਵਾਲੇ ਦਿਨ ਫੈਕਟਰੀਆਂ ਬੰਦ ਰੱਖਣ ਅਤੇ ਮਜ਼ਦੂਰਾਂ/ਵਰਕਰਾਂ ਆਦਿ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ। ਵੋਟਿੰਗ ਵਾਲੇ ਦਿਨ ਵੋਟ ਲਈ ਛੁੱਟੀ ਨਾ ਦੇਣਾ ਵੀ ਅਪਰਾਧ ਮੰਨਿਆ ਜਾਵੇਗਾ। ਉਨਾਂ ਕਿਹਾ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 31 ਜਨਵਰੀ, 2019 ਨੂੰ ਹੋ ਚੁੱਕੀ ਹੈ ਅਤੇ ਰਹਿੰਦੇ ਵੋਟਰ ਸ਼ਨਾਖਤੀ ਕਾਰਡ ਜਲਦ ਹੀ ਵੋਟਰਾਂ ਨੂੰ ਵੰਡ ਦਿੱਤੇ ਜਾਣਗੇ। ਉਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟ ਪ੍ਰਤੀਸ਼ਤ ਵਧਾਉਣ ਲਈ ਇਸ ਵਾਰ ਨਵੇਂ, ਦਿਵਿਆਂਗ, ਔਰਤ, ਪ੍ਰਵਾਸੀ ਪੰਜਾਬੀ ਅਤੇ ਆਸਾਨੀ ਨਾਲ ਪ੍ਰਭਾਵਿਤ ਕੀਤੇ ਜਾ ਸਕਣ ਵਾਲੇ ਵੋਟਰਾਂ ਨੂੰ ਜਾਗਰੂਕ ਕਰਨ ‘ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸੂਬੇ ਭਰ ਦੇ 23213 ਪੋਲਿੰਗ ਬੂਥਾਂ ਵਿੱਚੋਂ ਇਸ ਵਾਰ 6000 ਤੋਂ ਵਧੇਰੇ ਪੋਲਿੰਗ ਬੂਥਾਂ ਦੀ ਵੈੱਬ ਕਾਸਟਿੰਗ ਕਰਵਾਈ ਜਾਵੇਗੀ, ਇਨਾਂ ਪੋਲਿੰਗ ਬੂਥਾਂ ਦੀ ਚੋਣ ਸੰਵੇਦਨਸ਼ੀਲਤਾ ਅਤੇ ਪਿਛਲੇ ਰਿਕਾਰਡ ਨੂੰ ਮੱਦੇਨਜ਼ਰ ਰੱਖ ਕੇ ਕੀਤੀ ਜਾਵੇਗੀ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨਾਂ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਸਹੀ ਹੈ ਅਤੇ ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤੀ ਅਤੇ ਅਮਨ ਪੂਰਵਕ ਨੇਪਰੇ ਚਾੜੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਲੁਧਿਆਣਾ (ਦਿਹਾਤੀ) ਦੇ ਜ਼ਿਲਾ ਪੁਲਿਸ ਮੁੱਖੀ ਸ੍ਰ. ਵਰਿੰਦਰ ਸਿੰਘ ਬਰਾੜ, ਸ੍ਰੀ ਇਕਬਾਲ ਸਿੰਘ ਸੰਧੂ ਅਤੇ ਸ੍ਰੀਮਤੀ ਨੀਰੂ ਕਤਿਆਲ ਗੁਪਤਾ (ਦੋਵੇਂ ਵਧੀਕ ਡਿਪਟੀ ਕਮਿਸ਼ਨਰ) ਅਤੇ ਹੋਰ ਚੋਣ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *