ਪਰਾਲੀ ਨਾ ਸਾੜਨ ਵਾਲੇ ਕਿਸਾਨ ਗੁਰਬਚਰਨ ਸਿੰਘ ਦਾ 2 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨ


-ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ

ਲੁਧਿਆਣਾ, ( ਅਮਨ ਜੈਨ )-ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ੍ਰੀ ਅਚਾਰੀਆ ਦੇਵਵਰਤ ਨੇ ਪੰਜਾਬ ਦੇ ਕਿਸਾਨਾਂ, ਲੋਕਾਂ ਅਤੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਮਨੁੱਖਤਾ ਦੇ ਸਹੀ ਅਰਥੀ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਉੱਤਰੀ ਰਾਜਾਂ ਦੇ ਕਿਸਾਨਾਂ ਵੱਲੋਂ ਵਪਾਰਕ ਹਿੱਤਾਂ ਨੂੰ ਮੁੱਖ ਰੱਖ ਕੇ ਰਸਾਇਣਾਂ ’ਤੇ ਅਧਾਰਿਤ ਖੇਤੀ ਨਾਲ ਜਿੱਥੇ ਧਰਤੀ ਦੀ ਉਪਜਾੳੂ ਸ਼ਕਤੀ ਖ਼ਤਮ ਹੋ ਰਹੀ ਹੈ, ਉਥੇ ਹੀ ਜ਼ਹਿਰਯੁਕਤ ਖਾਧ ਪਦਾਰਥਾਂ ਨਾਲ ਮਨੁੱਖਤਾ ਅਤੇ ਜੀਵ ਜੰਤੂਆਂ ਦੀ ਹੋਂਦ ਨੂੰ ਖ਼ਤਰਾ ਬਣ ਗਿਆ ਹੈ।
ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਪਾਲ ਸ੍ਰੀ ਦੇਵਵਰਤ ਨੇ ਕਿਹਾ ਕਿ ਸਾਨੂੰ ਰਸਾਇਣਿਕ ਖਾਦ ਅਧਾਰਿਤ ਖੇਤੀ ਤੋਂ ਕਿਨਾਰਾ ਕਰਕੇ ਕੁਦਰਤੀ ਖੇਤੀ ਵੱਲ ਮੁੜਨਾ ਚਾਹੀਦਾ ਹੈ। ਉਨ੍ਹਾਂ ਪੰਜਾਬ, ਹਰਿਆਣਾ ਅਤੇ ਦੇਸ਼ ਕੁਝ ਹੋਰ ਸੂਬਿਆਂ ਵਿੱਚ ਮੌਜੂਦਾ ਸਮੇਂ ਰਸਾਇਣਿਕ ਖਾਦਾਂ ’ਤੇ ਅਧਾਰਿਤ ਖੇਤੀ ਨੂੰ ਮਨੁੱਖਾਂ ਅਤੇ ਪਸ਼ੂਆਂ ਪੰਛੀਆਂ ਲਈ ਘਾਤਕ ਕਰਾਰ ਦਿੰਦਿਆਂ ਸੱਦਾ ਦਿੱਤਾ ਕਿ ਕਿਸਾਨਾਂ ਨੂੰ ਕੁਦਰਤੀ ਖੇਤੀ ਨੂੰ ਅਪਣਾ ਕੇ ਆਪਣੀ ਅਤੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਵਿਸ਼ਵ ਦੇ ਕਈ ਖੇਤਰਾਂ ਵਿੱਚ ਦਿਨੋਂ ਦਿਨ ਪਲੀਤ ਹੁੰਦਾ ਵਾਤਾਵਰਣ, ਹੇਠਾਂ ਜਾ ਰਿਹਾ ਪਾਣੀ ਅਤੇ ਬੀਮਾਰੀਆਂ ਤਿੰਨ ਅਜਿਹੇ ਮਹੱਤਵਪੂਰਨ ਵਿਸ਼ੇ ਹਨ, ਜਿਨ੍ਹਾਂ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਹ ਤਿੰਨੋਂ ਵਿਸ਼ੇ ਭਵਿੱਖ ਦੀਆਂ ਸਭ ਤੋਂ ਜਿਆਦਾ ਗੰਭੀਰ ਚੁਣੌਤੀਆਂ ਬਣਨ ਦਾ ਖਦਸ਼ਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਸਾਲ 2022 ਤੱਕ ਰਸਾਇਣਿਕ ਜ਼ਹਿਰ ਮੁਕਤ ਬਣਾਉਣ ਦਾ ਟੀਚਾ ਹੈ। ਪੰਜਾਬ ਅਤੇ ਹਰਿਆਣਾ ਨੂੰ ਵੀ ਇਸ ਦਿਸ਼ਾ ਵਿੱਚ ਹੁਣੇ ਤੋਂ ਹੰਭਲਾ ਮਾਰਨਾ ਚਾਹੀਦਾ ਹੈ।
ਇਸ ਮੌਕੇ ਸ੍ਰੀ ਦੇਵਵਰਤ ਨੇ ਸਫ਼ਲ ਉਦਯੋਗਪਤੀਆਂ ਅਤੇ ਪ੍ਰਬੰਧਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਤੇ ਮਿਹਨਤ ਲਈ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ। ਸਨਮਾਨਿਤ ਹੋਣ ਵਾਲਿਆਂ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬੁਰਜ ਦੇਵਾ ਸਿੰਘ ਦਾ ਕਿਸਾਨ ਸ੍ਰ. ਗੁਰਬਚਨ ਸਿੰਘ ਵੀ ਸ਼ਾਮਿਲ ਸੀ, ਜੋ ਕਿ ਕੁਦਰਤੀ ਖੇਤੀ ਕਰਨ ਦੇ ਨਾਲ-ਨਾਲ ਬਿਨ੍ਹਾ ਪਰਾਲੀ ਸਾੜੇ ਖੇਤੀ ਕਰਨ ਲਈ ਵੀ ਜਾਣਿਆ ਜਾਂਦਾ ਹੈ। ਉਸ ਨੂੰ ਵਰਧਮਾਨ ਟੈਕਸਟਾਈਲ ਲਿਮਿਟਡ ਵੱਲੋਂ 2 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਨਵਨੀਤ ਜੈਰਥ, ਡਾ. ਮਨੋਜ ਕੁਮਾਰ, ਸ੍ਰੀ ਜਤਿਨ ਸਿੰਘ, ਡਾ. ਐੱਮ. ਏ. ਜ਼ਾਹਿਰ, ਸ੍ਰੀ ਕੁਲਵੰਤ ਸਿੰਘ ਧਾਲੀਵਾਲ, ਸ੍ਰੀ ਅਸ਼ੋਕ ਭਾਟੀਆ ਨੂੰ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਸਾਲਾਨਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕਮਲ ਵਡੇਰਾ, ਉੱਪ ਪ੍ਰਧਾਨ ਸ੍ਰੀ ਸੰਦੀਪ ਕਪੂਰ, ਸ੍ਰੀ ਮਹੇਸ਼ ਮੁੰਜ਼ਾਲ, ਸ੍ਰੀ ਜਤਿਨ ਸਿੰਘ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *