ਨਾਬਾਰਡ ਵੱਲੋਂ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪ ਦਾ ਆਯੋਜਨ

Spread the love
  •  
  •  
  •  
  •  

ਲੁਧਿਆਣਾ,(ਹਰੀਸ਼ ਕੁਮਾਰ)-ਭਾਰਤ ਸਰਕਾਰ ਦੇ ਅਦਾਰੇ ਨਾਬਾਰਡ ਵੱਲੋਂ ਡੇਅਰੀ ਇੰਟਰਪ੍ਰਿਨਿਊਰਸ਼ਿਪ ਡਿਵੈੱਲਪਮੈਂਟ ਸਕੀਮ ਬਾਰੇ ਜਾਗਰੂਕਤਾ ਫੈਲਾਉਣ, ਸੁਝਾਅ ਲੈਣ ਅਤੇ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਰਕਸ਼ਾਪ ਦਾ ਆਯੋਜਨ ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨਵਰਸਿਟੀ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ਨੂੰ ਕਰਵਾਉਣ ਵਿੱਚ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਵਰਕਸ਼ਾਪ ਵਿੱਚ ਯੂਨੀਵਰਸਿਟੀ, ਪਸ਼ੂ ਪਾਲਣ ਵਿਭਾਗ, ਵੱਖ-ਵੱਖ ਬੈਂਕਾਂ ਅਤੇ ਪ੍ਰੋਗ੍ਰੈਸਿਵ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਗਿਆ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਨਾਬਾਰਡ ਦੇ ਜ਼ਿਲਾ ਮੁੱਖੀ ਸ੍ਰੀ ਪ੍ਰਵੀਨ ਭਾਟੀਆ ਨੇ ਡੇਅਰੀ ਇੰਟਰਪ੍ਰਿਨਿਊਰਸ਼ਿਪ ਡਿਵੈੱਲਪਮੈਂਟ ਸਕੀਮ ਬਾਰੇ ਬੜੇ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਕਿਹਾ ਕਿ ਇਸ ਕੇਂਦਰੀ ਯੋਜਨਾ ਤਹਿਤ ਦੁੱਧ ਨਾਲ ਸੰਬੰਧਤ ਧੰਦੇ ਪ੍ਰਤੀ ਕਿਸਾਨਾਂ ਨੂੰ ਉਤਸ਼ਾਹਤ ਕਰਨਾ ਹੈ। ਇਸ ਯੋਜਨਾ ਤਹਿਤ ਸਾਫ਼ ਸੁਥਰਾ ਦੁੱਧ ਦਾ ਕਾਰੋਬਾਰ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣੇ ਹਨ। ਉਨਾਂ ਇਸ ਯੋਜਨਾ ਦੇ ਸਾਰੇ ਫਾਇਦਿਆਂ ਬਾਰੇ ਬੜੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਕਿਸਾਨਾਂ ਨੂੰ ਦਿਵਾਉਣ ਦਾ ਯਤਨ ਕਰਨ। ਉਨਾਂ ਇਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਨੁੱਖੀ ਸਿਹਤ ਲਈ ਸਾਫ਼ ਸੁਥਰਾ ਭੋਜਨ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਦਾ ਵੀ ਜ਼ਿਕਰ ਕੀਤਾ ਅਤੇ ਇਸ ਮਿਸ਼ਨ ਤਹਿਤ ਇਸ ਯੋਜਨਾ ਨੂੰ ਅਪਨਾਉਣ ਦਾ ਸੱਦਾ ਦਿੱਤਾ। ਵਰਕਸ਼ਾਪ ਨੂੰ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਦਿਲਬਾਗ ਸਿੰਘ ਹਾਂਸ ਨੇ ਵੀ ਸੰਬੋਧਨ ਕਰਦਿਆਂ ਵਿਭਾਗ ਵੱਲੋਂ ਦੁੱਧ ਅਤੇ ਇਸ ਦੇ ਕਾਰੋਬਾਰ ਨਾਲ ਲੋਕਾਂ ਨੂੰ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨਾਂ ਦੱਸਿਆ ਕਿ ਇਸ ਯੋਜਨਾ ਅਧੀਨ ਸੂਬੇ ਦੇ ਕਿਸਾਨਾਂ ਲਈ 13.77 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸ ਗਰਾਂਟ ਨਾਲ ਆਮ ਕਿਸਾਨਾਂ ਨੂੰ 25 ਫੀਸਦੀ ਜਦਕਿ ਅਨੁਸੂਚਿਤ ਜਾਤੀ ਨਾਲ ਸੰਬੰਧਤ ਕਿਸਾਨਾਂ ਨੂੰ 33.33 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਐੱਚ. ਕੇ. ਵਰਮਾ ਅਤੇ ਡਾ. ਜਸਵਿੰਦਰ ਸਿੰਘ ਨੇ ਵੀ ਯੂਨੀਵਰਸਿਟੀ ਵੱਲੋਂ ਇਸ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। 


Spread the love
  •  
  •  
  •  
  •