ਨਗਰ ਨਿਗਮ ਨੂੰ ਈ-ਪੋਜ਼ ਜਾਂ ਡਿਜੀਟਲ ਮਸ਼ੀਨਾਂ ਰਾਹੀਂ ਅਦਾਇਗੀ ਕਰਨ ਪ੍ਰਤੀ ਲੋਕਾਂ ਵਿੱਚ ਦਿਨੋਂ ਦਿਨ ਵਧ ਰਿਹੈ ਰੁਝਾਨ


-ਟੈਕਸ ਦਾਤਿਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਮਹੀਨੇ ਕੱਢਿਆ ਜਾਂਦੈ ਲੱਕੀ ਡਰਾਅ


ਲੁਧਿਆਣਾ, ( ਸੰਜੇ ਮਿੰਕਾ )-ਨਗਰ ਨਿਗਮ ਲੁਧਿਆਣਾ ਦੇ ਵਿੱਤੀ ਲੈਣ-ਦੇਣ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਟੈਕਸ ਭਰਨ ਵਾਲਿਆਂ ਨੂੰ ਸੌਖ ਮੁਹੱਈਆ ਕਰਾਉਣ ਲਈ ਆਨਲਾਈਨ ਅਤੇ ਡਿਜ਼ੀਟਲ ਅਦਾਇਗੀ ਦੀ ਸਹੂਲਤ ਦਿੱਤੀ ਗਈ ਹੈ। ਜਿਸ ਨੂੰ ਲੋਕਾਂ ਵੱਲੋਂ ਬਹੁਤ ਸਹਿਯੋਗ ਵੀ ਮਿਲ ਰਿਹਾ ਹੈ। ਇਸ ਪ੍ਰਤੀ ਲੋਕਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਨਗਰ ਨਿਗਮ ਵੱਲੋਂ ਬਕਾਇਦਾ ਲੱਕੀ ਡਰਾਅ ਕੱਢਣ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਤੱਕ ਇਸ ਡਿਜ਼ੀਟਲ ਪ੍ਰਣਾਲੀ ਨੂੰ ਸ਼ਹਿਰ ਦੇ 40 ਫੀਸਦੀ ਤੋਂ ਵਧੇਰੇ ਟੈਕਸ ਦਾਤਿਆਂ ਨੇ ਅਪਣਾ ਲਿਆ ਹੈ ਅਤੇ ਲੋਕਾਂ ਦਾ ਰੁਝਾਨ ਇਸ ਪ੍ਰਤੀ ਲਗਾਤਾਰ ਵਧ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਕਮਿਸ਼ਨਰ ਸ੍ਰੀ ਜੇ. ਕੇ. ਜੈਨ ਨੇ ਦੱਸਿਆ ਕਿ ਇਸ ਸੰਬੰਧੀ ਲੱਕੀ ਡਰਾਅ ਅੱਜ ਜ਼ੋਨ-ਏ ਦਫ਼ਤਰ ਵਿਖੇ ਕੱਢਿਆ ਗਿਆ, ਜਿਸ ਵਿੱਚ 9 ਟੈਕਸਧਾਰਕਾਂ ਨੂੰ ਉਤਸ਼ਾਹਵਰਧਕ ਗਿਫ਼ਟਾਂ ਨਾਲ ਨਿਵਾਜ਼ਿਆ ਗਿਆ। ਨਗਰ ਨਿਗਮ ਵੱਲੋਂ ਇਹ ਡਰਾਅ ਹਰ ਮਹੀਨੇ ਕੱਢਿਆ ਜਾਂਦਾ ਹੈ। ਇਹ ਲੱਕੀ ਡਰਾਅ ਉਨ੍ਹਾਂ ਲਈ ਕੱਢਿਆ ਜਾਂਦਾ ਹੈ, ਜਿਹੜੇ ਸ਼ਹਿਰ ਵਾਸੀਆਂ ਵੱਲੋਂ ਪ੍ਰਾਪਰਟੀ, ਹਾੳੂਸ ਅਤੇ ਹੋਰ ਟੈਕਸਾਂ ਜਾਂ ਫੀਸਾਂ ਦੀ ਅਦਾਇਗੀ ਈ-ਪੋਜ਼ ਅਤੇ ਡਿਜੀਟਲ ਮਸ਼ੀਨਾਂ ਰਾਹੀਂ ਕੀਤੀ ਹੈ। ਲੱਕੀ ਡਰਾਅ ਵਿੱਚ ਬਖ਼ਸ਼ਿਤ ਗੁਪਤਾ ਨੂੰ ਪਹਿਲਾ, ਤਰਸੇਮ ਸਿੰਘ ਨੂੰ ਦੂਜਾ ਇਨਾਮ ਨਿਕਲਿਆ। ਇਸੇ ਤਰ੍ਹਾਂ ਰੀਟਾ ਅਗਨੀਹੋਤਰੀ, ਬੇਅੰਤ ਸਿੰਘ ਅਤੇ ਅਸ਼ੀਸ਼ ਚਾਵਲਾ ਨੂੰ ਤੀਜਾ ਇਨਾਮ ਦਿੱਤਾ ਗਿਆ। ਰਿਤੇਸ਼ ਕਪੂਰ, ਸ਼ਿਵ ਰਾਵਤ, ਦੇਸ ਰਾਜ ਘਈ ਅਤੇ ਸ਼ਿਵਾਂਗੀ ਰਾਵਤ ਨੂੰ ਸਾਂਝੇ ਤੌਰ ’ਤੇ ਚੌਥੇ ਇਨਾਮ ਲਈ ਚੁਣਿਆ ਗਿਆ। ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਜੇਤੂਆਂ ਨੂੰ ਗਿਫ਼ਟ ਭੇਂਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਅਦਾਇਗੀ ਪ੍ਰਣਾਲੀ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਡਿਜ਼ੀਟਲ ਜਮ੍ਹਾਂ ਰਾਸ਼ੀ ਕਰਾਉਣ ਲਈ ਕੋਈ ਵੀ ਛੁਪਿਆ ਟੈਕਸ ਜਾਂ ਸਰਚਾਰਜ ਟੈਕਸਧਾਰਕ ਨੂੰ ਨਹੀਂ ਦੇਣਾ ਪੈਂਦਾ ਭਾਵੇਂਕਿ ਪੇਮੈਂਟ ਕਿੰਨੀ ਵੱਡੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡਿਜ਼ੀਟਲ ਪੇਮੈਂਟ ਲਈ ਹੋਰ ਉਤਸ਼ਾਹਿਤ ਕਰਨ ਲਈ ਸਿਟੀ ਬੱਸ ਦੇ ਡਿਜ਼ੀਟਲ ਕਾਰਡ ਸਥਾਨਕ ਬੱਸ ਅੱਡੇ ਵਿੱਚ ਬਣਾਏ ਜਾ ਰਹੇ ਹਨ, ਜਦਕਿ ਜਲਦ ਹੀ ਇਹ ਕਾਰਡ ਹਰੇਕ ਜ਼ੋਨ ਦਫ਼ਤਰ ਵਿੱਚ ਬਣਨ ਲੱਗਣਗੇ। ਇਸ ਮੌਕੇ ਉਨ੍ਹਾਂ ਨਾਲ ਸ੍ਰ. ਤਜਿੰਦਰਪਾਲ ਸਿੰਘ ਪੰਛੀ, ਐੱਚ. ਡੀ. ਐੱਫ. ਸੀ. ਮੈਨੇਜਰ ਸ੍ਰੀ ਅਨਿਲ ਗੁਪਤਾ ਅਤੇ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *