ਡੀ. ਆਰ. ਡੀ. ਏ. ਹੁਨਰ ਵਿਕਾਸ ਕੇਂਦਰਾਂ ਵਿੱਚ ਦਾਖ਼ਲੇ ਸ਼ੁਰੂ

-ਹੌਜਰੀ ਨਾਲ ਸੰਬੰਧਤ ਸਿਲਾਈ ਮਸ਼ੀਨ ਆਪਰੇਟਰ ਦੀ ਦਿੱਤੀ ਜਾਇਆ ਕਰੇਗੀ ਸਿਖ਼ਲਾਈ
-ਵੱਧ ਤੋਂ ਵੱਧ ਨੌਜਵਾਨ ਲਾਭ ਲੈਣ-ਵਧੀਕ ਡਿਪਟੀ ਕਮਿਸ਼ਨਰ (ਵ)
ਲੁਧਿਆਣਾ, ੧੩ ਨਵੰਬਰ ( ਸੰਜੇ ਮਿਨਕਾ )-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਅਧੀਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਦਫ਼ਤਰ ਆਰ. ਸੈਟੀ ਵਿਖੇ ਡੀ. ਆਰ. ਡੀ. ਏ. ਹੁਨਰ ਵਿਕਾਸ ਕੇਂਦਰ ਖੋਲ੍ਹੇ ਗਏ ਹਨ। ਜਿਨ੍ਹਾਂ ਵਿੱਚ ਕੱਪੜਾ ਉਦਯੋਗ ਨਾਲ ਸੰਬੰਧਤ ਸਿਖ਼ਲਾਈ ਕਰਵਾਈ ਜਾਂਦੀ ਹੈ। ਇਨ੍ਹਾਂ ਕੇਂਦਰਾਂ ਵਿੱਚ ਅਗਲੇ ਸੈਸ਼ਨ ਲਈ ਦਾਖ਼ਲੇ ਸ਼ੁਰੂ ਹੋ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਹੁਨਰ ਵਿਕਾਸ ਕੇਂਦਰ ਵਿੱਚ 18-40 ਸਾਲ ਤੱਕ ਦੇ ਲੜਕੇ ਅਤੇ ਲੜਕੀਆਂ ਕੱਪੜਾ (ਹੌਜਰੀ) ਉਦਯੋਗ ਨਾਲ ਸੰਬੰਧਤ ਸਿਲਾਈ ਮਸ਼ੀਨ ਆਪਰੇਟਰ ਦੀ ਸਿਖ਼ਲਾਈ ਪ੍ਰਾਪਤ ਕਰ ਸਕਣਗੇ। ਇਸ ਕੋਰਸ ਲਈ ਉਮੀਦਵਾਰ ਦੀ ਯੋਗਤਾ 5ਵੀਂ ਪਾਸ ਹੋਣੀ ਜ਼ਰੂਰੀ ਹੈ। ਕੁੱਲ 4 ਮਹੀਨੇ (300 ਘੰਟੇ) ਦੇ ਇਸ ਕੋਰਸ ਲਈ 60 ਸੀਟਾਂ ਰੱਖੀਆਂ ਗਈਆਂ ਹਨ। ਸਿੱਖਿਆਰਥੀਆਂ ਨੂੰ ਸਿਖ਼ਲਾਈ ਹਾਈਟੈੱਕ ਮਸ਼ੀਨਾਂ ਨਾਲ ਦਿੱਤੀ ਜਾਵੇਗੀ। ਇਹ ਮਸ਼ੀਨਾਂ ਸਨਅਤਾਂ ਨੂੰ ਹੁਨਰਮੰਦ ਕਾਮਿਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਕੇ ਆਧੁਨਿਕ ਤਰੀਕੇ ਦੀਆਂ ਖਰੀਦੀਆਂ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਦਾਖਲਾ ਸ਼ੁਰੂ ਹੋ ਚੁੱਕਾ ਹੈ ਅਤੇ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਬੈਚ ਲਗਾਏ ਜਾ ਰਹੇ ਹਨ। ਇਹ ਕੋਰਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੁਵਿਧਾ ਸੈਂਟਰ ਸਥਿਤ ਹਾਲ ਨੰਬਰ-4 (ਸੰਪਰਕ ਨੰਬਰ 8699091100) ਵਿੱਚ ਅਤੇ ਦਫ਼ਤਰ ਆਰ.ਸੇਟੀ ਹੰਬੜਾਂ ਰੋਡ, ਇਯਾਲੀ ਖੁਰਦ ਨੇੜੇ ਦਾਣਾ ਮੰਡੀ ਲੁਧਿਆਣਾ (ਸੰਪਰਕ ਨੰਬਰ 8847477343) ਵਿਖੇ ਕਰਵਾਇਆ ਜਾਵੇਗਾ। ਕੋਰਸ ਦੌਰਾਨ ਵਿਵਹਾਰਕ ਸਿਖ਼ਲਾਈ ਕੇਂਦਰਾਂ ਵਿੱਚ ਦਿੱਤੀ ਜਾਵੇਗੀ, ਜਦਕਿ ਪ੍ਰੈਕਟੀਕਲ ਸਿਖ਼ਲਾਈ ਹੌਜਰੀ ਸਨਅਤਾਂ ਵਿੱਚ ਕਰਵਾਈ ਜਾਵੇਗੀ।
ਉਨ੍ਹਾ ਦੱਸਿਆ ਕਿ ਇਹ ਕੋਰਸ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਬਿਲਕੁਲ ਮੁਫ਼ਤ ਹੈ, ਜਦਕਿ ਪੱਛੜੀਆਂ/ਜਨਰਲ ਸ਼੍ਰੇਣੀਆਂ ਦੇ ਬੀ. ਪੀ. ਐੱਲ. ਸਿਖਿਆਰਥੀਆਂ ਲਈ ਫੀਸ 200 ਰੁਪਏ ਪ੍ਰਤੀ ਮਹੀਨਾ, ਪੱਛੜੀਆਂ ਸ਼੍ਰੇਣੀਆਂ ਦੇ ਸਿੱਖਿਆਰਥੀਆਂ ਲਈ 400 ਰੁਪਏ ਪ੍ਰਤੀ ਮਹੀਨਾ ਅਤੇ ਜਨਰਲ ਸ਼੍ਰੇਣੀਆਂ ਦੇ ਸਿੱਖਿਆਰਥੀਆਂ ਲਈ ਫੀਸ 500 ਰੁਪਏ ਪ੍ਰਤੀ ਮਹੀਨਾ ਹੈ। ਸਿਖ਼ਲਾਈ ਕਰਨ ਉਪਰੰਤ ਸਿੱਖਿਆਰਥੀਆਂ ਨੂੰ ਪਹਿਲੇ ਦਿਨ ਤੋਂ ਘੱਟ ਤੋਂ ਘੱਟ 8500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਣ ਲੱਗ ਜਾਂਦੀ ਹੈ, ਜੋ ਕਿ ਤਜ਼ਰਬੇ ਨਾਲ ਵਧਦੀ ਜਾਵੇਗੀ। ਕੋਰਸ ਲਈ ਦਾਖ਼ਲਾ ਫੀਸ ਮਹਿਜ਼ 50 ਰੁਪਏ ਹੈ।
ਉਨ੍ਹਾ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿੱਖਿਆਰਥੀਆਂ ਨੂੰ ਕਿੱਤੇ ਪ੍ਰਤੀ ਉਤਸ਼ਾਹਿਤ ਕਰਨ ਲਈ ਲੋਕਲ ਇੰਡਸਟਰੀ ਦਾ ਦੌਰਾ (ਵਿਜ਼ਿਟ) ਵੀ ਕਰਵਾਇਆ ਜਾਵੇਗਾ। ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਸਫ਼ਲ ਰਹੇ ਸਿੱਖਿਆਰਥੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਲੋਕਲ ਇੰਡਸਟਰੀ ਵਿੱਚ ਨੌਕਰੀ ਦਿਵਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਉਪਰਾਲੇ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਛੁੱਕ ਉਮੀਦਵਾਰ ਵਧੇਰੀ ਜਾਣਕਾਰੀ ਲਈ ਦਫ਼ਤਰ ਡਿਪਟੀ ਕਮਿਸ਼ਨਰ (ਵ), ਲੁਧਿਆਣਾ ਵਿਖੇ ਵੀ ਸੰਪਰਕ ਕਰਨ ਅਤੇ ਇਸ ਕੇਂਦਰ ਦਾ ਲਾਭ ਲੈਣ ਕਿਉਂਕਿ ਸਿਲਾਈ ਮਸ਼ੀਨ ਆਪਰੇਟਰਾਂ ਦੀ ਹੌਜਰੀ ਸਨਅਤਾਂ ਵਿੱਚ ਭਾਰੀ ਮੰਗ ਹੈ।

Attachments area

Leave a Reply

Your email address will not be published. Required fields are marked *