ਝੋਨੇ ਦੀ ਪਰਾਲੀ ਸੰਭਾਲਣ ਵਾਲੀ ਖੇਤੀ ਮਸ਼ੀਨਰੀ ‘ਤੇ ਸਬਸਿਡੀ ਲਈ ਕਿਸਾਨ 30 ਜੂਨ ਤੱਕ ਅਰਜ਼ੀਆਂ ਦੇਣ-ਮੁੱਖ ਖੇਤੀਬਾੜੀ ਅਫ਼ਸਰ

ਲੁਧਿਆਣਾ, ( ਅਮਨ ਜੈਨ )-ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਵਾਤਾਵਰਨ ਦੀ ਸੰਭਾਲ ਮੁਹਿੰਮ ਅਧੀਨ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ ‘ਤੇ ਉਪਦਾਨ ਦੇਣ ਲਈ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਜ਼ਿਲੇ ਦੇ ਕਿਸਾਨਾਂ ਨੂੰ ਇਨ-ਸਿਟੂ ਮੈਨੇਜਮੈਂਟ ਆਫ ਕਰੌਪ ਰੈਜ਼ੀਡਿਊ ਸਕੀਮ ਤਹਿਤ ਉਪਦਾਨ ਉੱਤੇ ਖੇਤੀ ਮਸ਼ੀਨਰੀ ਦਿੱਤੀ ਜਾਵੇਗੀ, ਜਿਸ ਨੂੰ ਵਰਤ ਕੇ ਕਿਸਾਨ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾ ਕੇ ਖੇਤਾਂ ਵਿੱਚ ਹੀ ਸਾਂਭ ਸਕਣਗੇ, ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚੇਗਾ। ਡਾ. ਬਲਦੇਵ ਸਿੰਘ ਨੇ ਕਿਹਾ ਕਿ ਇਸ ਸਕੀਮ ਅਧੀਨ ਕਿਸਾਨਾਂ ਨੂੰ ਮਸ਼ੀਨਰੀ ਦੀ ਕੀਮਤ ‘ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ। ਸਕੀਮ ਅਧੀਨ ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਹਾਈਡ੍ਰੋਲਿਕ ਰਿਵਰਸੀਬਲ ਐਮ.ਬੀ.ਪਲਾ, ਜ਼ੀਰੋ ਟਿੱਲ ਡਰਿੱਲ, ਸੁਪਰ ਐਸ.ਐਮ.ਐਸ. ਰੋਟਰੀ ਸਲੈਸ਼ਰ/ਸ਼ਰੱਬ ਕਟਰ ‘ਤੇ ਸਬਸਿਡੀ ਲਈ ਅਰਜ਼ੀਆਂ ਮਿਤੀ 30 ਜੂਨ, 2019 ਤੱਕ ਬਲਾਕ ਖੇਤੀਬਾੜੀ ਦਫਤਰਾਂ ਵਿਖੇ ਦਿੱਤੀਆਂ ਜਾ ਸਕਦੀਆਂ ਹਨ। ਇਸ ਮਿਤੀ ਤੋਂ ਬਾਅਦ ਕੋਈ ਵੀ ਦਰਖ਼ਾਸਤ ਨਹੀਂ ਲਈ ਜਾਵੇਗੀ। ਉਨਾਂ ਸਪੱਸ਼ਟ ਕੀਤਾ ਕਿ ਜੇਕਰ ਅਲਾਟ ਹੋਏ ਟੀਚਿਆਂ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਇਹ ਖੇਤੀ ਮਸ਼ੀਨਰੀ ਕਿਸਾਨਾਂ ਨੂੰ ਡਰਾਅ ਆਫ਼ ਲਾਟਸ ਰਾਹੀਂ ਦਿੱਤੀ ਜਾਵੇਗੀ।ਸਬਸਿਡੀ ਕੇਵਲ ਭਾਰਤ ਸਰਕਾਰ ਦੇ ਖੇਤੀਬਾੜੀ ਵਿਭਾਗ ਤੋਂ ਪ੍ਰਵਾਨਿਤ ਕੰਪਨੀਆਂ ਤੋਂ ਖਰੀਦੀ ਖੇਤੀ ਮਸ਼ੀਨਰੀ ‘ਤੇ ਹੀ ਦਿੱਤੀ ਜਾਵੇਗੀ। ਸਕੀਮ ਅਧੀਨ ਕਿਰਾਏ ‘ਤੇ ਖੇਤੀ ਮਸ਼ੀਨਰੀ ਚਲਾਉਣ ਲਈ ਕਸਟਮ ਹਾਇਰਿੰਗ ਸੈਂਟਰ ਖੋਲਣ ਵਾਸਤੇ ਰਜਿਸਟਰਡ ਕਿਸਾਨ ਗਰੁੱਪਾਂ ਨੂੰ 80 ਪ੍ਰਤੀਸ਼ਤ ਤੱਕ ਸਬਸਿਡੀ ਦੇਣ ਦਾ ਵੀ ਪ੍ਰਬੰਧ ਹੈ। ਇਸ ਸਕੀਮ ਸਬੰਧੀ ਹੋਰ ਵਧੇਰੇ ਜਾਣਕਾਰੀ ਵਿਭਾਗ ਦੀ  ਬਸਾਈਟ www.agripb.gov.in ਜਾਂ www.agrimachinery.nic.in ਜਾਂ ਬਲਾਕਾਂ ਵਿਚਲੇ ਖੇਤੀਬਾੜੀ ਦਫਤਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *