ਜਲਿਆਂ ਵਾਲਾ ਬਾਗ ਸਾਕਾ ਸ਼ਤਾਬਦੀ ਸੰਬੰਧੀ ਪ੍ਰਦਰਸ਼ਨੀ ਲੁਧਿਆਣਾ ਵਿਖੇ 24 ਅਗਸਤ ਤੋਂ

-3 ਸਤੰਬਰ ਤੱਕ ਗੁਰੂ ਨਾਨਕ ਭਵਨ ਵਿਖੇ ਚੱਲਣ ਵਾਲੀ ਪ੍ਰਦਰਸ਼ਨੀ ਦਾ ਡਿਪਟੀ ਕਮਿਸ਼ਨਰ ਕਰਨਗੇ ਉਦਘਾਟਨ


ਲੁਧਿਆਣਾ, ( ਹਰੀਸ਼ ਕੁਮਾਰ )-ਜਲਿਆਂ ਵਾਲਾ ਬਾਗ ਸ਼ਹੀਦੀ ਸਾਕਾ ਸ਼ਤਾਬਦੀ (1919-2019) ਸੰਬੰਧੀ ਇੱਕ ਪ੍ਰਦਰਸ਼ਨੀ ਸਥਾਨਕ ਗੁਰੂ ਨਾਨਕ ਭਵਨ ਵਿਖੇ ਮਿਤੀ 24 ਅਗਸਤ ਤੋਂ 3 ਸਤੰਬਰ, 2019 ਤੱਕ ਲਗਾਈ ਜਾ ਰਹੀ ਹੈ। ਜਿਸ ਨੂੰ ਕੋਈ ਵਿਅਕਤੀ ਬਿਨਾ ਕਿਸੇ ਐਂਟਰੀ ਟਿਕਟ ਤੋਂ ਦੇਖ ਸਕਦਾ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ 24 ਅਗਸਤ ਨੂੰ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀਸ਼ਨ ਮਿਊਜ਼ੀਅਮ ਸ੍ਰੀ ਅਮ੍ਰਿਤਸਰ ਸਾਹਿਬ ਅਤੇ ਦਾ ਆਰਟ ਐਂਡ ਕਲਚਰਲ ਹੈਰੀਟੇਜ ਟਰੱਸਟ ਨਵੀਂ ਦਿੱਲੀ ਦੀ ਆਪਰੇਸ਼ਨ ਅਫ਼ਸਰ ਮਿਸ ਪਰੀ ਬੈਸ਼ਿਆ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਪੰਜਾਬ ਸਰਕਾਰ ਵੱਲੋਂ ਪਾਰਟੀਸ਼ਨ ਮਿਊਜ਼ੀਅਮ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਹੋਏ ਇਕਰਾਰਨਾਮੇ ਤਹਿਤ ਲਗਾਈ ਜਾ ਰਹੀ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਭਾਰਤ ਦੇ ਆਜ਼ਾਦੀ ਨਾਲ ਸੰਬੰਧਤ ਇਤਿਹਾਸ ਅਤੇ ਪੰਜਾਬੀਆਂ ਦੀਆਂ ਲਾਸਾਨੀ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਜਿਹੀਆਂ ਪ੍ਰਦਰਸ਼ਨੀਆਂ ਲਗਾਉਣ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ, ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਅਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਸ੍ਰ. ਐੱਮ. ਐੱਸ. ਜੱਗੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।  ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਪ੍ਰਦਰਸ਼ਨੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਜਲੰਧਰ ਵਿਖੇ ਲਗਾਈ ਜਾ ਚੁੱਕੀ ਹੈ, ਜਦਕਿ ਲੁਧਿਆਣਾ ਤੋਂ ਬਾਅਦ ਬਠਿੰਡਾ, ਪਟਿਆਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵੀ ਲਗਾਈ ਜਾਵੇਗੀ।  ਇਸ ਪ੍ਰਦਰਸ਼ਨੀ ਵਿੱਚ ਜਲਿਆਂ ਵਾਲਾ ਬਾਗ ਸਾਕੇ ਨਾਲ ਸੰਬੰਧਤ ਵੱਖ-ਵੱਖ ਤਸਵੀਰਾਂ, ਅਖ਼ਬਾਰਾਂ ਦੀਆਂ ਕਾਤਰਾਂ, ਰਿਪੋਰਟਾਂ ਅਤੇ ਹੋਰ ਸਮੱਗਰੀ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨਾਂ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਅਤੇ ਦੇਸ਼ ਦੇ ਲਾਸਾਨੀ ਇਤਿਹਾਸ ਦੀ ਜਾਣਕਾਰੀ ਲੈਣ।

Leave a Reply

Your email address will not be published. Required fields are marked *