ਜਨਗਣਨਾ 2021 ਸੰਬੰਧੀ ਸਹਾਇਕ ਚਾਰਜ ਅਧਿਕਾਰੀਆਂ ਨੂੰ ਸਿਖ਼ਲਾਈ

Spread the love
  •  
  •  
  •  
  •  

-ਸਹੀ ਜਨਗਣਨਾ ਦੇਸ਼ ਦੇ ਵਿਕਾਸ ਲਈ ਰਣਨੀਤੀ ਘੜਨ ਵਿੱਚ ਸਹਾਈ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ, ( ਹੇਮਰਾਜ ਜਿੰਦਲ )-ਹਰੇਕ 10 ਸਾਲ ਬਾਅਦ ਦੇਸ਼ ਵਿੱਚ ਹੋਣ ਵਾਲੀ ਆਮ ਜਨਗਣਨਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਹ ਜਨਗਣਨਾ ਦੋ ਗੇੜਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਜਨਗਣਨਾ ਸੰਬੰਧੀ ਸਹਾਇਕ ਚਾਰਜ ਅਧਿਕਾਰੀਆਂ ਨੂੰ ਸਿਖ਼ਲਾਈ ਦੇਣ ਲਈ ਦੋ ਰੋਜ਼ਾ ਸਿਖ਼ਲਾਈ ਅੱਜ ਸਥਾਨਕ ਬਚਤ ਭਵਨ ਵਿਖੇ ਸ਼ੁਰੂ ਹੋਈ। ਜਿਸ ਦੀ ਪ੍ਰਧਾਨਗੀ ਖੰਨਾ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰ. ਜਸਪਾਲ ਸਿੰਘ ਗਿੱਲ ਨੇ ਕੀਤੀ। ਸਿਖ਼ਲਾਈ ਵਿੱਚ 38 ਸਹਾਇਕ ਚਾਰਜ ਅਧਿਕਾਰੀਆਂ ਨੇ ਭਾਗ ਲਿਆ, ਜੋ ਕਿ ਮਾਸਟਰ ਟਰੇਨਰ ਵਜੋਂ ਅੱਗੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਸਿਖ਼ਲਾਈ ਦੇਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਗਿੱਲ ਨੇ ਦੱਸਿਆ ਕਿ ਇਹ ਜਨਗਣਨਾ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਰਜਿਸਟਰਾਰ ਜਨਰਲ ਐਂਡ ਸੈਂਸਜ਼ ਕਮਿਸ਼ਨਰ ਵੱਲੋਂ ਕਰਵਾਈ ਜਾਵੇਗੀ, ਜੋ ਕਿ ਦੋ ਗੇੜਾਂ ਵਿੱਚ ਮੁਕੰਮਲ ਕੀਤੀ ਜਾਣੀ ਹੈ। ਇਸ ਦਾ ਪਹਿਲਾ ਗੇੜ• ਮਈ-ਜੂਨ 2020 (ਸੰਭਾਵੀ ਮਿਤੀ 15 ਮਈ ਤੋਂ 29 ਜੂਨ) ਮਹੀਨੇ ਕਰਵਾਇਆ ਜਾਵੇਗਾ, ਜਿਸ ਵਿੱਚ ਘਰਾਂ ਦੀ ਗਿਣਤੀ ਅਤੇ ਸੂਚੀਬੱਧ ਕਰਨ ਦੇ ਨਾਲ-ਨਾਲ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਨੂੰ ਅਪਡੇਟ ਕੀਤਾ ਜਾਵੇਗਾ। ਦੂਜਾ ਗੇੜ 9 ਫਰਵਰੀ 2021 ਤੋਂ 28 ਫਰਵਰੀ, 2021 ਦੌਰਾਨ ਹੋਵੇਗਾ, ਜਿਸ ਵਿੱਚ ਜਨਗਣਨਾ (ਲੋਕਾਂ ਦੀ ਗਿਣਤੀ) ਕੀਤੀ ਜਾਵੇਗੀ। ਇਸ ਉਪਰੰਤ 1 ਮਾਰਚ ਤੋਂ 5 ਮਾਰਚ, 2021 ਤੱਕ ਗਿਣਤੀ ਦੀ ਸਮੀਖਿਆ ਹੋਵੇਗੀ। ਉਨਾਂ ਦੱਸਿਆ ਕਿ ਜਨਗਣਨਾ ਸੰਬੰਧੀ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਹੱਦਬੰਦੀਆਂ ਨਾਲ ਛੇੜਛਾੜ ‘ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਧਿਕਾਰਤ ਖੇਤਰ ਬਾਰੇ ਭੰਬਲਭੂਸੇ ਵਾਲੀ ਸਥਿਤੀ ਨਾ ਪੈਦਾ ਹੋ ਸਕੇ। ਗਿਣਤੀ ਅਤੇ ਸੁਪਰਵੀਜ਼ਨ ਦਾ ਕੰਮ ਮੁੱਖ ਤੌਰ ‘ਤੇ ਅਧਿਆਪਕਾਂ (ਪ੍ਰਾਇਮਰੀ ਅਤੇ ਸੈਕੰਡਰੀ), ਵੱਖ-ਵੱਖ ਵਿਭਾਗਾਂ ਦੇ ਕਲਰਕਾਂ ਅਤੇ ਹੋਰ ਦਰਜਾ ਪ੍ਰਾਪਤ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਹੋਰ ਅਦਾਰਿਆਂ ਜਾਂ ਧਿਰਾਂ ਨੂੰ ਵੀ ਇਸ ਕੰਮ ਲਈ ਲਗਾਇਆ ਜਾ ਸਕਦਾ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਸਿਖ਼ਲਾਈ ਧਿਆਨ ਨਾਲ ਕੀਤੀ ਅਤੇ ਕਰਵਾਈ ਜਾਵੇ ਕਿਉਂਕਿ ਕਿਸੇ ਦੇਸ਼ ਦੀ ਜਨਗਣਨਾ ਬਹੁਤ ਮਹੱਤਵਪੂਰਨ ਹੁੰਦੀ ਹੈ, ਜੋ ਕਿ ਦੇਸ਼ ਦੇ ਵਿਕਾਸ ਲਈ ਰਣਨੀਤੀ ਬਣਾਉਣ ਵਿੱਚ ਸਹਾਈ ਹੁੰਦੀ ਹੈ। ਉਨਾਂ ਨੇ ਸਪੱਸ਼ਟ ਕੀਤਾ ਕਿ ਜਨਗਣਨਾ ਦੇ ਕੰਮ ਵਿੱਚ ਜੇਕਰ ਕੋਈ ਵਿਭਾਗ ਸਹਿਯੋਗ ਨਹੀਂ ਦਿੰਦਾ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡੈਟਾ ਲੈਣ, ਪੁਸ਼ਟੀ ਕਰਨ (ਵੈਲੀਡੇਸ਼ਨ), ਰਿਪੋਰਟ ਤਿਆਰ ਕਰਨ ਆਦਿ ਲਈ ਬਣਾਏ ਮੋਬਾਈਲ ਐਪਲੀਕੇਸ਼ਨ ਤੇ ਡੈਟਾ ਇਕੱਤਰ ਕਰਨ ਦੀ ਸਿਖ਼ਲਾਈ ਜਲਦ ਦੇ ਦਿੱਤੀ ਜਾਵੇਗੀ। ਅੰਕੜਿਆਂ ਸੰਬੰਧੀ ਦਸਤੀ ਰਿਕਾਰਡ ਵੀ ਤਿਆਰ ਕੀਤਾ ਜਾਵੇਗਾ। ਗਿਣਤੀਕਾਰਾਂ ਦੁਆਰਾ ਇਕੱਤਰ ਕੀਤੇ ਡਾਟੇ ਨੂੰ ਸੁਪਰਵਾਈਜ਼ਰਾਂ ਵੱਲੋਂ ਸੰਬੰਧਤ ਘਰਾਂ ਵਿੱਚ ਜਾ ਕੇ ਪੁਸ਼ਟੀ ਕਰਨ ਉਪਰੰਤ ਤਸਦੀਕ ਕੀਤਾ ਜਾਵੇਗਾ। ਡਾਟਾ ਇਕੱਤਰ ਕਰਨ ਅਤੇ ਬਾਕੀ ਕਾਰਵਾਈ ਕਰਨ ਉਪਰੰਤ ਜਨਗਣਨਾ ਦੇ ਅੰਕੜਾਤਮਕ ਨਤੀਜੇ ਜਾਰੀ ਕੀਤੇ ਜਾਣਗੇ। ਉਨਾਂ ਆਮ ਲੋਕਾਂ ਅਤੇ ਵੱਖ-ਵੱਖ ਅਦਾਰਿਆਂ ਨਾਲ ਜੁੜੇ ਲੋਕਾਂ ਨੂੰ ਇਸ ਗਣਨਾ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।


Spread the love
  •  
  •  
  •  
  •