ਕਰਫਿਊ ਦੌਰਾਨ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਦਾ ਕੰਮ ਸੌਖਾ ਕੀਤਾ-ਡਿਪਟੀ ਕਮਿਸ਼ਨਰ

Spread the love
  •  
  •  
  •  
  •  

-ਆਰਥਿਕ ਸਹਾਇਤਾ ਦੇਣ ਲਈ ਜ਼ਿਲਾ ਰੈੱਡ ਕਰਾਸ ਸੁਸਾਇਟੀ ਨਾਲ ਕੀਤਾ ਜਾਵੇ ਰਾਬਤਾ
ਲੁਧਿਆਣਾ, ( ਹੇਮਰਾਜ ਜਿੰਦਲ,ਹਰੀਸ਼)-ਜ਼ਿਲਾ ਲੁਧਿਆਣਾ ਵਿੱਚ ਜਾਰੀ ਲੌਕਡਾਊਨ ਦੇ ਚੱਲਦਿਆਂ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਇਨਾਂ ਵਸਤਾਂ ਦੀ ਆਵਾਜਾਈ ਸਮੱਸਿਆ ਹੱਲ ਕਰਨ ਲਈ ਸਾਰੀ ਪ੍ਰਕਿਰਿਆ ਸੌਖੀ ਕਰ ਦਿੱਤੀ ਗਈ ਹੈ। ਇਨਾਂ ਵਸਤਾਂ ਦੀ ਸਪਲਾਈ ਲਈ ਪ੍ਰਵਾਨਗੀਆਂ ਜਾਰੀ ਕਰਨ ਦਾ ਜਿੰਮਾ ਹੁਣ ਵੱਖ-ਵੱਖ ਵਿਭਾਗੀ ਅਧਿਕਾਰੀਆਂ ਦੇ ਜਿੰਮੇ ਲਗਾਇਆ ਗਿਆ ਹੈ ਤਾਂ ਜੋ ਪ੍ਰਵਾਨਗੀਆਂ ਜਾਰੀ ਕਰਨ ਵਿੱਚ ਜਿਆਦਾ ਸਮਾਂ ਨਾ ਲੱਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ੍ਰੀ ਅਗਰਵਾਲ ਨੇ ਦੱਸਿਆ ਕਿ ਹੁਣ ਖੁਰਾਕ, ਗਰੌਸਰੀ, ਖਾਧ ਪਦਾਰਥਾਂ ਦੀ ਢੋਆ-ਢੁਆਈ, ਤਾਜ਼ੇ ਖਾਣੇ, ਮੰਡੀ ਲੇਬਰ ਆਦਿ ਦੀ ਪ੍ਰਵਾਨਗੀ ਲਈ ਜ਼ਿਲ• ਖੁਰਾਕ ਅਤੇ ਸਪਲਾਈ ਕੰਟਰੋਲਰ ਕੋਲ ਅਪਲਾਈ ਕਰਨਾ ਪਵੇਗਾ। ਬੱਸਾਂ, ਆਟੋ, ਟੈਕਸੀਆਂ, ਜ਼ਿਲਾ ਪ੍ਰਸਾਸ਼ਨ ਦੇ ਵੱਖ-ਵੱਖ ਵਾਹਨਾਂ ਦੀ ਪ੍ਰਵਾਨਗੀ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਲੁਧਿਆਣਾ ਜਾਰੀ ਕਰਨਗੇ। ਖੇਤਾਂ ਵਿੱਚ ਆਲੂ ਤੋੜਨ, ਕੋਲਡ ਸਟੋਰੇਜ, ਕਿਸਾਨਾਂ ਅਤੇ ਫਸਲਾਂ ਦੀ ਕਟਾਈ ਆਦਿ ਨਾਲ ਸੰਬੰਧਤ ਪ੍ਰਵਾਨਗੀ ਮੁੱਖ ਖੇਤੀਬਾੜੀ ਅਫ਼ਸਰ ਜਾਰੀ ਕਰਨਗੇ। ਸਨਅਤਾਂ, ਸਨਅਤਾਂ ਦੀ ਲੇਬਰ ਦੀ ਅਦਾਇਗੀ, ਕੋਵਿਡ 19 ਦੇ ਪ੍ਰਬੰਧਾਂ ਨਾਲ ਸੰਬੰਧਤ ਸਾਜੋ ਸਮਾਨ ਤਿਆਰ ਕਰਨ, ਫੂਡ ਪ੍ਰੋਸੈਸਿੰਗ ਸਮੇਤ ਹੋਰ ਜ਼ਰੂਰੀ ਯੂਨਿਟਾਂ ਨੂੰ ਚਲਾਉਣ ਦੀ ਪ੍ਰਵਾਨਗੀ ਜਨਰਲ ਮੈਨੇਜਰ ਜ਼ਿਲ• ਉਦਯੋਗ ਕੇਂਦਰ ਜਾਰੀ ਕਰਨਗੇ। ਸ੍ਰੀ ਅਗਰਵਾਲ ਨੇ ਦੱਸਿਆ ਕਿ ਦਵਾਈਆਂ, ਫਾਰਮਸੁਇਟੀਕਲ ਅਤੇ ਦਵਾਈਆਂ ਦੀ ਸਪਲਾਈ ਸੰਬੰਧੀ ਲਾਇਸੰਸ ਕਰਨ ਦਾ ਕੰਮ ਜ਼ੋਨਲ ਲਾਇਸੰਸਿੰਗ ਅਥਾਰਟੀ ਡਰੱਗਜ਼ ਨੂੰ ਸੌਂਪਿਆ ਗਿਆ ਹੈ। ਪੋਲਟਰੀ, ਚਾਰਾ ਅਤੇ ਪਸ਼ੂਆਂ ਨਾਲ ਸੰਬੰਧਤ ਕੰਮ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇਖਣਗੇ। ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਡਿਪਟੀ ਡਾਇਰੈਕਟਰ ਡੇਅਰੀ ਨੂੰ ਪਾਬੰਦ ਬਣਾਇਆ ਗਿਆ ਹੈ। ਮੰਡੀਆਂ ਅਤੇ ਖਰੀਦ ਕੇਂਦਰ, ਆੜਤੀਆਂ, ਫ਼ਲਾਂ ਅਤੇ ਸਬਜ਼ੀਆਂ ਆਦਿ ਦੀ ਸਪਲਾਈ ਲਈ ਪ੍ਰਵਾਨਗੀ ਜਾਰੀ ਕਰਨ ਦੀ ਡਿਊਟੀ ਜ਼ਿਲਾ ਮੰਡੀ ਅਫ਼ਸਰ ਨੂੰ ਲਗਾਇਆ ਗਿਆ ਹੈ। ਗਲੀਆਂ ਅਤੇ ਮੁਹੱਲਿਆਂ ਵਿੱਚ ਸਮਾਨ ਵੇਚਣ ਦੀ ਪ੍ਰਵਾਨਗੀ ਨਗਰ ਨਿਗਮ ਲੁਧਿਆਣਾ ਅਤੇ ਸੰਬੰਧਤ ਐੱਸ. ਡੀ. ਐੱਮਜ਼ ਨੂੰ ਅਪਲਾਈ ਕੀਤੀ ਜਾ ਸਕਦੀ ਹੈ। ਘਰ-ਘਰ ਵਸਤਾਂ ਦੀ ਹੋਮ ਡਲਿਵਰੀ ਸਰਵਿਸ ਦਾ ਕੰਮ ਦੇਖਣ ਦਾ ਕੰਮ ਵਧੀਕ ਕਮਿਸ਼ਨਰ ਨਗਰ ਨਿਗਮ ਕਰਨਗੇ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਵਿਅਕਤੀਗਤ ਐਮਰਜੈਂਸੀ ਪਾਸ ਦੀ ਲੋੜ ਹੈ ਤਾਂ ਉਹ ਸੰਬੰਧਤ ਐੱਸ. ਡੀ. ਐੱਮ., ਵਧੀਕ ਜ਼ਿਲਾ ਮੈਜਿਸਟ੍ਰੇਟ, ਸਹਾਇਕ ਪੁਲਿਸ ਕਮਿਸ਼ਨਰ ਅਤੇ ਡੀ. ਐੱਸ. ਪੀ. ਤੋਂ ਵੀ ਲੈ ਸਕਦਾ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ ਵੱਖ-ਵੱਖ ਸ਼ੱਕੀ ਮਰੀਜ਼ਾਂ ਦੇ 52 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 43 ਨੈਗੇਟਿਵ, 1 ਪਾਜ਼ੀਟਿਵ, 7 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਬੀਤੀ ਰਾਤ ਇੱਕ ਹੋਰ ਮਰੀਜ਼ ਵਿੱਚ ਇਸ ਬਿਮਾਰੀ ਦੇ ਲੱਛਣ ਪਾਏ ਗਏ ਹਨ, ਜਿਸ ਦਾ ਨਮੂਨਾ ਪੂਨੇ ਸਥਿਤ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਸਾਰੀ ਪ੍ਰਕਿਰਿਆ ਨੂੰ ਸੁਚੱਜੇ ਤਰੀਕੇ ਨਾਲ ਜਾਰੀ ਰੱਖਣ ਲਈ ਜ਼ਿਲਾ ਪੱਧਰ ‘ਤੇ ਇੱਕ ‘ਵਾਰ ਰੂਮ’ ਤਿਆਰ ਕੀਤਾ ਗਿਆ ਹੈ, ਜਿੱਥੇ ਸੀਨੀਅਰ ਅਧਿਕਾਰੀ ਪ੍ਰਵਾਨਗੀਆਂ ਅਤੇ ਸ਼ਿਕਾਇਤਾਂ ਆਦਿ ਦੇ ਕੰਮ ਨੂੰ ਨਿਪਟਾਉਣ ਦਾ ਕੰਮ ਦੇਖਣਗੇ। ਇਹ ਵਾਰ ਰੂਮ 24 ਘੰਟੇ ਕੰਮ ਕਰੇਗਾ। ਉਨਾਂ ਕਿਹਾ ਕਿ ਇਸ ਸਥਿਤੀ ਵਿੱਚ ਜ਼ਿਲਾ ਲੁਧਿਆਣਾ ਦੇ ਕਈ ਸਮਾਜ ਸੇਵੀ ਲੋਕ ਅਤੇ ਸੰਸਥਾਵਾਂ ਲੋਕਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਜੇਕਰ ਕਿਸੇ ਵੀ ਵਿਅਕਤੀ ਨੇ ਆਰਥਿਕ ਮਦਦ ਆਦਿ ਦੇਣੀ ਹੈ ਤਾਂ ਉਹ ਸਕੱਤਰ ਜ਼ਿਲਾ ਰੈੱਡ ਕਰਾਸ ਸੁਸਾਇਟੀ ਲੁਧਿਆਣਾ ਨਾਲ ਤਾਲਮੇਲ ਕਰਕੇ ਮੁਹੱਈਆ ਕਰਵਾ ਸਕਦੇ ਹਨ। ਜੇਕਰ ਕਿਸੇ ਨੇ ਕਿਸੇ ਵੀ ਤਰਾਂ ਦੀ ਵਲੰਟੀਅਰ ਸੇਵਾ ਲਈ ਅੱਗੇ ਆਉਣਾ ਹੈ ਤਾਂ ਉਹ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨਾਲ ਰਾਬਤਾ ਕਾਇਮ ਕਰ ਸਕਦੇ ਹਨ।


Spread the love
  •  
  •  
  •  
  •