ਆਤਮਾ ਕਿਸਾਨ ਬਜ਼ਾਰ ਵਿੱਚ ਲੱਗਣ ਲੱਗੀਆਂ ਰੌਣਕਾਂ

Spread the love
  •  
  •  
  •  
  •  

-ਸ਼ਹਿਰ ਵਾਸੀਆਂ ਨੇ ਲਿਆ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦਾ ਆਨੰਦ

ਲੁਧਿਆਣਾ, ( ਹਰੀਸ਼ ਕੁਮਾਰ )-‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਸ਼ਹਿਰ ਲੁਧਿਆਣਾ ਵਿੱਚ ਆਤਮਾ, ਐੱਨ. ਐੱਮ. ਏ. ਈ. ਟੀ. ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਇਆ ਜਾ ਰਿਹਾ ਹਫ਼ਤਾਵਰੀ ‘ਆਤਮਾ ਕਿਸਾਨ ਬਾਜ਼ਾਰ’ ਲੋਕਾਂ ਵਿੱਚ ਦਿਨੋਂ ਦਿਨ ਪ੍ਰਵਾਨ ਚੜਨ ਲੱਗਾ ਹੈ। ਸਰਦੀਆਂ ਦੇ ਮੌਸਮ ਦੀ ਆਮਦ ਦੇ ਨਾਲ ਹੀ ਇਸ ਬਾਜ਼ਾਰ ਵਿੱਚ ਪੰਜਾਬੀਆਂ ਅਤੇ ਗੈਰ ਪੰਜਾਬੀਆਂ ਦੀ ਪਹਿਲੀ ਪਸੰਦ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਅਤੇ ਖ਼ੀਰ ਮਿਲਣ ਲੱਗੇ ਹਨ, ਜਿਸ ਨਾਲ ਇਸ ਮੇਲੇ ਵੱਲ ਲੋਕਾਂ, ਖਾਸ ਕਰਕੇ ਸ਼ਹਿਰੀ ਲੋਕਾਂ, ਦਾ ਰੁਝਾਨ ਲਗਾਤਾਰ ਵਧਣ ਲੱਗਾ ਹੈ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਜਸਪ੍ਰੀਤ ਸਿੰਘ ਖੇੜਾ, ਪ੍ਰੋਜੈਕਟ ਡਾਇਰੈਕਟਰ (ਆਤਮਾ)-ਕਮ-ਮੈਂਬਰ ਸਕੱਤਰ (ਆਤਮਾ ਗਵਰਨਿੰਗ ਬੋਰਡ), ਲੁਧਿਆਣਾ ਨੇ ਦੱਸਿਆ ਕਿ ਹੁਣ ਇਹ ਬਾਜ਼ਾਰ ਹਰੇਕ ਐਤਵਾਰ 1:00 ਤੋਂ 6:00 ਵਜੇ ਤੱਕ ਪਹਿਲਾਂ ਵਾਲੇ ਸਥਾਨ ਮੁੱਖ ਖੇਤੀਬਾੜੀ ਦਫ਼ਤਰ, ਸਾਹਮਣੇ ਰਘੂਨਾਥ ਹਸਪਤਾਲ, ਫਿਰੋਜ਼ਪੁਰ ਸੜਕ, ਲੁਧਿਆਣਾ ਵਿਖੇ ਲੱਗਣਾ ਸ਼ੁਰੂ ਹੋ ਗਿਆ ਹੈ। ਮਿਤੀ 11 ਨਵੰਬਰ ਨੂੰ ਲਗਾਏ ਗਏ ਬਾਜ਼ਾਰ ਵਿੱਚ ਗਲੋਬਲ ਸੈੱਲਫ ਹੈੱਲਪ ਗਰੁੱਪ ਦੀ ਪ੍ਰਧਾਨ ਬੀਬੀ ਗੁਰਦੇਵ ਕੌਰ ਦਿਓਲ ਵੱਲੋਂ ਪਰੋਸੀ ਗਈ ਮੱਕੀ ਦੀ ਰੋਟੀ, ਸਰੋਂ ਦੇ ਸਾਗ, ਮੱਖਣ ਅਤੇ ਚਾਟੀ ਦੀ ਲੱਸੀ ਦੇ ਸਵਾਦ ਦਾ ਆਨੰਦ ਚਖਣ ਲਈ ਕਈ ਅਹਿਮ ਸ਼ਖਸੀਅਤਾਂ ਨੇ ਆ ਕੇ ਸੈੱਲਫ ਹੈੱਲਪ ਗਰੁੱਪ ਦੇ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ, ਉਥੇ ਨਾਲ ਹੀ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਗਈਆਂ ਵਸਤੂਆਂ ਦੀ ਵੀ ਪ੍ਰਸ਼ੰਸਾ ਕੀਤੀ।  ਵਧੀਕ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਅਤੇ ਖੀਰ ਦੇ ਨਾਲ ਕਈ ਹੋਰ ਵਸਤੂਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ਼ਰੀਰਕ ਤੰਦਰੁਸਤੀ ਵਾਸਤੇ ਸਾਨੂੰ ਚੰਗੇ ਖਾਣ-ਪੀਣ ਦੀ ਆਦਤ ਪਾਉਣੀ ਚਾਹੀਦੀ ਹੈ। ਕਰਨਲ ਹਰਬੰਤ ਸਿੰਘ ਕਾਹਲੋਂ, ਡਾ.ਬਲਬੀਰ ਸਿੰਘ ਜੋਸ਼ਨ, ਸਾਬਕਾ ਖੇਤੀਬਾੜੀ ਸੂਚਨਾ ਅਫਸਰ ਡਾ. ਦਲੇਰ ਸਿੰਘ, ਸ਼੍ਰੀ ਕਿਰਪਾਲ ਸਿੰਘ, ਐਡਵੋਕੇਟ, ਡਾ. ਸੁਭਾਸ਼ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਪੀ.ਏ.ਯੂ, ਸ਼੍ਰੀ ਤਪਤੇਜ ਸਿੰਘ, ਡੀ.ਪੀ.ਡੀ (ਮੋਗਾ), ਸ਼੍ਰੀ ਰਵਿੰਦਰਪਾਲ ਸਿੰਘ, ਡੀ.ਪੀ.ਡੀ (ਆਤਮਾ), ਮਿਸ ਕੁਲਦੀਪ ਕੌਰ, ਕੰਪਿਊਟਰ ਪ੍ਰੋਗਰਾਮਰ (ਆਤਮਾ), ਮਿਸ ਅਰਮਾਨਦੀਪ ਕੌਰ, ਏ.ਟੀ.ਐਮ (ਆਤਮਾ) ਨੇ ਵੀ ‘ਸਿੰਗਿੰਗ ਇੰਨ ਕਿਚਨ’ ਦੀ ਉੱਦਮੀ ਕਿਸਾਨ ਬੀਬੀ ਸ਼੍ਰੀਮਤੀ ਮਨਜੀਤ ਕੌਰ ਵੱਲੋਂ ਤਿਆਰ ਕੀਤੇ ਮਲਟੀ ਗ੍ਰੇਨ ਕੇਕ, ਮੱਕੀ ਦੇ ਆਟੇ ਦੇ ਬਿਸਕੁੱਟ, ਵੇਸਣ ਦੀਆਂ ਪਿੰਨੀਆਂ ਅਤੇ ਨਮਕੀਨ ਆਟਾ ਚੱਕਲੀਆਂ ਦੀ ਵਿਸ਼ੇਸ਼ ਤੌਰ ‘ਤੇ ਖਰੀਦ ਕੀਤੀ। ਇਸ ਤੋਂ ਇਲਾਵਾ ਹੋਰ ਸੈੱਲਫ ਹੈੱਲਪ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਪਿੰਨੀਆਂ ਅਤੇ ਵੱਖ-ਵੱਖ ਮੁਰੱਬਿਆਂ ਅਤੇ ਸ਼੍ਰੀ ਨਿਰਭੈ ਸਿੰਘ, ਉੱਦਮੀ ਡੇਅਰੀ ਕਿਸਾਨ ਵੱਲੋਂ ਤਿਆਰ ਕੀਤੇ ਗਾਂ ਅਤੇ ਮੱਝ ਦੇ ਦੇਸੀ ਘਿਓ ਅਤੇ ਪਨੀਰ ਨੂੰ ਵੀ ਸਿਹਤ ਲਈ ਲਾਹੇਵੰਦ ਦੱਸਿਆ ਗਿਆ। ਇਸ ਤੋਂ ਇਲਾਵਾ ਮਾਈ ਭਾਗੋ ਸੈੱਲਫ ਹੈੱਲਪ ਗਰੁੱਪ ਵੱਲੋਂ ਤਿਆਰ ਕੀਤੀਆਂ ਆਟੇ ਦੀਆਂ ਸੇਵੀਆਂ ਅਤੇ ਮਲਟੀ ਗ੍ਰੇਨ ਆਟਾ ਗ੍ਰਾਹਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਬਣੀਆਂ।


Spread the love
  •  
  •  
  •  
  •